ਇਕੱਤੀ ਦਸੰਬਰ

ਅੱਜ ਫੇਰ
ਪਿਛਲੇ ਹਰ ਸਾਲ ਦੀ
ਆਖ਼ਰੀ ਰਾਤ ਵਾਂਗ
ਪੌਪ ਮਿਊਜ਼ਿਕ ਦੀਆਂ ਧੁਨਾਂ 'ਤੇ
ਥਿਰਕਣਗੇ ਠਰਦੇ ਪੈਰ
ਪੁਰਾਣੀਆਂ ਡਾਇਰੀਆਂ ਵਿਚੋਂ,
ਕਲੰਡਰਾਂ ਤੇ ਗਰੀਟਿੰਗ ਕਾਰਡਾਂ ਦੇ ਢੇਰ ਹੇਠੋਂ,
ਚੁੱਪ-ਚਾਪ ਤਿਲ੍ਹਕ ਜਾਵੇਗਾ
ਸ਼ਰਮਿੰਦਾ ਜਿਹਾ ਪੁਰਾਣਾ ਸਾਲ

?ਸਾਲ ਮੁਬਾਰਕ? ਦੀ
ਤਹਿਰੀਰ ਤੋਂ ਲੈ ਕੇ
ਕਿਸਮਤ ਦੀ ਵਾਅਦਾ-ਖ਼ਿਲਾਫ਼ੀ ਤਕ ਦਾ
ਸਫ਼ਰ ਤੈਅ ਕਰਦਾ
ਹਰ ਸਾਲ
ਇਕੱਤੀ ਦਸੰਬਰ ਤੱਕ
ਇਕ ਟਾਕੀਆਂ ਲੱਗੀ
ਚਾਦਰ ਬਣ ਜਾਂਦੈ

ਅੱਜ ਫੇਰ
ਇਸ ਅੱਧੋਰਾਣੀ ਚਾਦਰ ਨੂੰ
ਆਖ਼ਰੀ ਟਾਕੀ ਲਾ ਕੇ
ਸੋਚਾਂਗੇ
?ਸਾਲ ਮੁਬਾਰਕ? ਜਿਹੀਆਂ ਤਹਿਰੀਰਾਂ
ਸਿਰਫ਼ ਇਹੀ ਨਹੀਂ
ਹੋਰ ਵੀ ਕਈ ਕੁਝ
ਮਸਲਨ
ਪੁਰਾਣੀਆਂ ਡਾਇਰੀਆਂ ਦੇ
ਬਚਦੇ ਸਫ਼ਿਆਂ 'ਤੇ
ਦੁੱਧ ਦਾ ਹਿਸਾਬ
ਅਖ਼ਬਾਰ ਦੇ ਨਾਗੇ ਲਿਖਣ ਬਾਰੇ
ਜਾਂ ਫਿਰ ਸੋਚਾਂਗੇ
ਪੁਰਾਣੇ ਕਲੰਡਰਾਂ ਨੂੰ ਉਲਟਾ ਕੇ
ਬੱਚਿਆਂ ਦੀਆਂ ਪੋਥੀਆਂ ਦੇ
ਕਵਰ ਬਣਾਉਣ ਦੀ ਤਰਕੀਬ

ਤੇ ਲੱਭ ਕੇ ਲਿਆਵਾਂਗੇ
ਦੋਸਤਾਂ ਲਈ
ਸਸਤੇ
ਪਰ ਮਹਿੰਗੇ ਦਿੱਸਣ ਵਾਲੇ ਤੋਹਫ਼ੇ
ਦੋਸਤਾਂ ਨਾਲ
ਅਹਿਮ ਮਸਲੇ ਡਿਸਕਸ ਕਰਾਂਗੇ
ਮਸਲਨ
ਫਲਾਣੇ ਨੇ
ਸਸਤੇ ਜਿਹੇ ਕਾਰਡ ਵਿਚ ਹੀ ਸਾਰ ਲਿਆ

ਫੇਰ ਹੋਠਾਂ ਨੂੰ
ਨਕਲੀ ਸੁਰਖ਼ੀ ਵਿਚ ਲਿੰਬ ਕੇ
ਰੰਗ-ਬਰੰਗੇ ਕਾਰਡਾਂ ਦੀਆਂ
ਬੈਸਾਖੀਆਂ ਦੇ ਸਹਾਰੇ ਤੁਰ ਕੇ
ਕਹਿਣ ਜਾਵਾਂਗੇ
ਬੇਰੰਗ ਸਬੰਧਾਂ ਨੂੰ
?ਸਾਲ ਮੁਬਾਰਕ?
ਬਸ ਇੰਜ ਹੀ ਫੇਰ
ਸ਼ੈਲਫ਼ਾਂ 'ਤੇ ਪਏ ਕਾਰਡਾਂ
ਕੰਧਾਂ 'ਤੇ ਲਟਕਦੇ
ਕੈਲੰਡਰਾਂ ਨੂੰ ਦੇਖ ਕੇ
ਯਾਦ ਆ ਜਾਵੇਗਾ

ਕਿ ਨਵਾਂ ਸਾਲ ਚੜ੍ਹਿਐ