ਦੁਆ

ਸੌਂ ਜਾਵੇ ਜਦ ਕੁਲ ਦੁਨੀਆਂ
ਜਾਗੇ ਮਨ ਉਨੀਂਦਾ ਜਿਹਾ
ਵਸਦੀ ਦੁਨੀਆਂ ਦੇ ਸਾਗਰ ਵਿਚ
ਇਕ ਟਾਪੂ ਦੀ ਹੋਂਦ ਜਿਹਾ

ਸੁੱਤ-ਉਨੀਂਦੇ ਉਸ ਇਕ ਪਲ ਵਿਚ
ਹੰਝੂਆਂ ਵਿਚ ਉਦਾਸੀ ਘੋਲ
ਲਿਖਾਂ ਨਜ਼ਮ ਜਿਉਂ ਕੋਈ ਦੁਆ ਮੈਂ
ਬਹਿ ਕੇ ਆਪਣੀ ਰੂਹ ਦੇ ਕੋਲ

ਮੈਂ ਮੰਗਾਂ, ਐ ਮੇਰੇ ਆਕਾ!
ਇਕ ਸੂਰਜ ਤਾਂ ਇੰਜ ਵੀ ਚੜ੍ਹੇ
ਜਿਸ ਦੀ ਰੌਸ਼ਨ ਨਿੱਘੀ ਧੁੱਪ ਵਿਚ
ਰੰਗ ਉਦਾਸੀ ਦਾ ਪਿਘਲੇ

ਹੋਰ ਖ਼ੁਦਾਇਆ! ਕੁਝ ਨਾ ਮੰਗਾਂ
ਪੂਰੀ ਕਰਦੇ ਇਹੋ ਦੁਆ
ਮੇਰੀ ਥੱਕੀ ਹਾਰੀ ਰੂਹ ਨੂੰ
ਪਾ ਦੇ ਬੋਧੀ ਬਿਰਖ ਦੇ ਰਾਹ

ਮੈਂ ਅੱਖਰਾਂ ਦਾ ਕੱਜਣ ਪਾ ਕੇ
ਬਹਿ ਕੇ ਬੋਧੀ ਬਿਰਖ ਦੇ ਹੇਠ
ਹਰ ਰਿਸ਼ਤੇ ਦਾ ਨਾਮ ਮੇਟ ਕੇ
ਰੂਹ ਦੀ ਕਰ 'ਲਾਂ ਸਾਫ਼ ਸਲੇਟ

ਬੰਦੀ-ਛੋੜ! ਐ ਮੇਰੇ ਆਕਾ!
ਰੂਹ ਮੇਰੀ ਨੂੰ ਸ਼ਕਤੀ ਦੇ
ਰਿਸ਼ਤਿਆਂ ਦੀ ਧਰਤ-ਖਿੱਚ ਤੋਂ

ਹੋਂਦ ਮੇਰੀ ਨੂੰ ਮੁਕਤੀ ਦੇ