ਬੇਦਾਵਾ

ਚੀਨ ਦੀ ਦੀਵਾਰ ਤੋਂ ਵੀ
ਉਚੀ ਹੈ
ਰਿਸ਼ਤਿਆਂ ਦੀ ਦੀਵਾਰ
ਹਰ ਸ਼ਖਸ
ਇਸ ਦੀਵਾਰ ਦੇ ਓਹਲੇ 'ਚੋਂ
ਝਾਕਦੈ
ਸਵਾਰਥ ਦੇ ਸਲੂਣੇ ਦੀ
ਇਕ ਕੌਲੀ ਮੰਗਦੈ
ਇਹ ਲੂਣ
ਅਜੇ ਉਹਦੀ ਜੀਭ 'ਤੇ ਹੀ ਹੁੰਦੈ
ਕਿ ਹਰ ਰਿਸ਼ਤਾ
ਇਸ ਚੀਨ ਦੀ ਦੀਵਾਰ ਤੋਂ ਵੀ
ਉਚੀ ਦੀਵਾਰ ਓਹਲੇ
ਛਹਿ ਕੇ ਬਹਿ ਜਾਂਦੈ
ਬੇਸ਼ਰਮੀ ਨਾਲ ਹਸਦੈ
ਤੇ ਸਲੂਣਾ ਚੱਟ ਕੇ
ਕੌਲੀ 'ਚ ਛੇਕ ਕਰਦੈ

ਰਿਸ਼ਤਿਆਂ ਦੇ ਮੂੰਹ 'ਤੇ ਉਕਰੇ
ਸਵਾਰਥਾਂ ਦੇ ਸਿਆੜ ਨਾ ਗਿਣੋ
ਬਸ
ਵਰਜ ਲਓ
ਆਪਣੇ ਲੂਣ ਨੂੰ
ਤੋੜ ਦਿਓ
ਰਿਸ਼ਤਿਆਂ ਦੇ ਹੱਥੀਂ ਫੜੇ
ਕਾਸਿਆਂ ਨੂੰ

ਹੋਰ ਨਾ ਰੁਲਣ ਦਿਓ
ਆਪਣੇ ਲੂਣ ਨੂੰ ਪਰਾਏ ਪੈਰਾਂ ਵਿਚ
ਕਿ ਰਿਸ਼ਤੇ ਫੇਰ ਕਿਸੇ ਜਨਮ ਵਿਚ
ਡੁੱਲ੍ਹੇ ਲੂਣ ਨੂੰ
ਪਲਕਾਂ ਨਾਲ ਚੁਣਨ ਦਾ
ਸਰਾਪ ਬਣ ਕੇ
ਤੁਹਾਡੇ ਮੱਥੇ ਦੀ
ਸੂਲੀ ਬਣ ਜਾਣਗੇ

ਸਵਾਰਥਾਂ ਦੇ
ਸਲ੍ਹਾਬੇ ਮੌਸਮ ਵਿਚ
ਨਿਕਲ ਤੁਰੇ
ਇਨ੍ਹਾਂ ਗੰਡੋਇਆਂ ਜਿਹੇ
ਰਿਸ਼ਤਿਆਂ ਦੇ ਪਿੰਡੇ 'ਤੇ
ਸਿਰਫ਼
ਆਪਣੇ ਹੰਝੂਆਂ ਦਾ
ਲੂਣ ਸੁੱਟ ਦਿਓ
ਤਾਂ ਜੋ ਇਹ ਗੰਡੋਏ
ਹੋਂਦ ਗੁਆ ਲੈਣ ਆਪਣੀ
ਬਾਕੀ ਬਚਦੇ
ਧੱਬਿਆਂ ਦੀ ਸਿੱਲ੍ਹ ਵਿਚ
ਲਹੂ ਆਪਣੇ ਦੇ
ਕਤਰੇ ਡੋਲ੍ਹ ਕੇ
ਲਿਖ ਦਿਓ
ਹਰ ਰਿਸ਼ਤੇ ਨੂੰ ਬੇਦਾਵਾ

ਹੋਂਦ ਦੇ ਪਰਾਂ ਤੋਂ
ਮਿੱਟੀ ਛੰਡਣ ਦਾ
ਇਹੀ ਇਕ ਰਾਹ ਏ
ਜੀਭ 'ਚ ਟੰਗੀ
" ਲੂਣ ਹਰਾਮੀ " ਦੀ
ਤਹਿਰੀਰ ਵਾਲੀ
ਤ੍ਰਿਸ਼ੂਲ ਤੋਂ
ਨਿਜਾਤ ਪਾਣ ਦਾ

ਇਹੀ ਇਕ ਰਾਹ ਏ