ਓਵਰ ਏਜ

ਮੁਹੱਬਤਾਂ ਦੀ
ਪ੍ਰੋਡਕਸ਼ਨ ਬੰਦ ਏ
ਜਾਂ ਲੋਕਾਂ ਦੀ
ਪਰਚੇਜ਼ ਕਪੈਸਟੀ ਨਹੀਂ
ਪਤਾ ਨਹੀਂ
ਪਰ
ਆਪਣੇ ਆਪਣੇ ਦਾਮਨ ਨੂੰ
ਰੰਗ-ਰੰਗਾ ਕੇ
ਬਣ ਗਏ ਨੇ ਲੋਕ
ਡੈਕੋਰੇਸ਼ਨ ਪੀਸ
ਵਕਤਾਂ ਦੇ ਝੰਗ ਵਿਚ ਬੈਠੇ
ਸਾਰੇ ਦੇ ਸਾਰੇ ਆਸ਼ਕ
ਨਸਬੰਦੀ ਦੇ ਇਵਜ਼ ਵਿਚ
ਮਿਲਣ ਵਾਲੀ
ਸਪੈਸ਼ਲ ਇਨਕਰੀਮੈਂਟ ਲੈਣ ਲਈ
ਅਰਜ਼ੀਆਂ
ਦਸਤਖ਼ਤ ਕਰ ਰਹੇ ਨੇ

ਦੁਸ਼ਿਅੰਤ ਦੀ ਮੁੰਦਰੀ
ਗੁਆਚੀ ਨਹੀਂ ਮਾਸ਼ੂਕਾ ਕੋਲੋਂ
ਸਿਰਫ਼
ਅੰਡਰ-ਗਰਾਊਂਡ ਕਰ ਦਿੱਤੀ ਗਈ ਏ

ਕੀ ਗੱਲਾਂ ਕਰਦੇ ਓ
ਝਨਾਂ ਦੇ ਸੈਲਾਬ ਵਿਚ
ਕੱਚੇ ਘੜੇ ਨਹੀਂ
ਆਸ਼ਕਾਂ ਦੀਆਂ ਜ਼ਮੀਰਾਂ ਖੁਰਦੀਆਂ ਨੇ
ਮਹੀਂਵਾਲ ਤਾਂ ਹੁਣ
ਖ਼ਰਾਬ ਮੌਸਮ ਦੀ
ਭਵਿੱਖਬਾਣੀ ਸੁਣ ਕੇ
ਆਪੇ ਹੀ ਘੜੇ ਵਟਾ ਜਾਂਦੇ ਨੇ
ਤੇ ਫੇਰ ਬਣਾਂਦੇ ਨੇ
ਡੁੱਬਦੀ ਸੋਹਣੀ ਦੀ
ਰੰਗੀਨ ਫ਼ਿਲਮ

ਇਕ ਰਹਿ ਗਿਆ ਸੀ ਫਰਹਾਦ
ਪਰ ਉਹਨੇ ਵੀ ਪਹਾੜ ਕਟਵਾ ਲਿਐ
ਕਾਂਟਰੈਕਟ 'ਤੇ
ਅਤੇ ਪਰਾਫ਼ਿਟ ਵੰਡ ਲਏ ਨੇ
ਰਕੀਬਾਂ ਸੰਗ
ਇਹ ਵੀ ਸੁਣਿਐ
ਕਿ ਰਾਂਝੇ ਨੇ ਕੈਦੋਂ ਨੂੰ
ਮਹੁਰਾ ਅਰੇਂਜ ਕਰ ਕੇ ਦੇਣ ਦਾ
ਕਮਿਸ਼ਨ ਦਿੱਤੈ

ਕਿਹੜੇ ਆਸ਼ਕ
ਕਾਹਦੀ ਮੁਹੱਬਤ
ਹੁਣ ਤਾਂ ਸਾਰੀ ਧਰਤੀ 'ਤੇ
ਕੁਰਬਲ ਕੁਰਬਲ ਕਰਦੀ ਪਈ ਏ
ਟੈਸਟ ਟਿਊਬਾਂ ਦੀ ਨਸਲ

ਇਸ ਯੁੱਗ ਵਿਚ
ਕੋਈ ਨਹੀਂ ਆਵੇਗਾ
ਅਹੱਲਿਆ ਦਾ ਸਰਾਪ ਤੋੜਨ ਲਈ
ਕਿਉਂਕਿ ਨਵੇਂ ਯੁੱਗਾਂ ਦੇ ਤਾਲੇ ਤਾਂ ਹੁਣ
ਪਰਸੈਂਟਾਂ ਦੀਆਂ ਚਾਬੀਆਂ ਨਾਲ ਖੁਲ੍ਹਦੇ ਨੇ

ਇਸ ਨਗਰ ਦੇ ਬਾਸ਼ਿੰਦੇ ਅਸੀਂ
ਜਾਣਦੇ ਆਂ
ਕੋਈ ਦੋਸਤੀ
ਕੋਈ ਮੁਹੱਬਤ
ਸਾਡੀ ਜ਼ਮੀਨ ਨਹੀਂ ਛੋਹ ਸਕਦੀ
ਸਾਡੀ ਹਸਤੀ
ਕੁਝ ਵੀ ਤਾਂ ਨਹੀਂ
ਹੈਂਗਿਗ ਗਾਰਡਨਜ਼ ਤੋਂ ਵੱਧ
ਇਸ ਸਲ੍ਹਾਬੇ ਮੌਸਮ ਵਿਚ
ਜਦੋਂ ਕਦੇ ਵੀ
ਧੁੱਪ ਦੀ ਗੱਲ ਕਰਦੇ ਆਂ ਅਸੀਂ
ਜਾਣਦੇ ਹੁੰਦੇ ਆਂ

ਕਿ ਸਾਡੇ ਅਹਿਸਾਸ
ਹੋ ਚੁੱਕੇ ਨੇ ਓਵਰ ਏਜ
ਫੇਰ ਵੀ ਅਸੀਂ ਦਮ ਭਰਦੇ ਹਾਂ
ਆਸ਼ਕੀ ਦਾ
ਦੋਸਤੀ ਦਾ

ਧੁੱਪ ਦਾ