ਅੱਜ ਕੱਲ੍ਹ ਏਸ ਕੁਸ਼ਗਨੀ ਰੁੱਤੇ
ਹਾਉਕੇ ਲੈਣ ਖ਼ਾਬ ਅੱਧ-ਸੁੱਤੇ
ਕਹੀ ਸਰਾਪੀ 'ਵਾ ਪਈ ਆਵੇ
ਤੇਰੇ ਸ਼ਹਿਰ ਵੱਲੋਂ ਵੇ ਹਾਣੀ
ਖ਼ਾਬਾਂ ਦੇ ਇਕ ਦੇਸ਼ ਦੇ ਵਾਸੀ
ਦੋ ਦਿਲ ਤੇ ਇਕ ਜਾਨ ਸਾਂ ਆਪਾਂ
ਅੱਜ ਸਰਘੀ ਦੇ ਇਕ ਸੁਪਨੇ ਵਿਚ
ਤੂੰ ਤੇ ਮੈਂ ਸਾਂ ਦੋ ਵੇ ਹਾਣੀ
ਵਕਤ ਦੇ ਤਪਦੇ ਮਾਰੂਥਲ ਵਿਚ
ਫਰਿਆਦੀ ਪੈਰਾਂ ਦੇ ਛਾਲੇ
ਉਡਦੀਆਂ ਧੂੜਾਂ ਤੋਂ ਪਏ ਪੁੱਛਦੇ
ਤੇਰੇ ਦਰ ਦੀ ਸੋਅ ਵੇ ਹਾਣੀ,
ਹੀਰਿਆਂ ਦੇ ਨਾਲ ਕੱਚ ਵਟਾ ਕੇ
ਬੇਈਮਾਨ ਵਣਜਾਰੇ ਟੁਰ ਗਏ
ਬੇਦਰਦਾਂ ਨਾਲ ਕਦ ਨਿਭਣੇ ਸਨ
ਦਰਦਮੰਦਾਂ ਦੇ ਮੋਹ ਵੇ ਹਾਣੀ
ਸੁਪਨਿਆਂ ਸਾਂਵੇ ਦਰਦ ਤੋਲ ਕੇ
ਕਿਸਮਤ ਵੀ ਕਰ ਗਈ ਸ਼ਰੀਕਾ
ਉਂਜ ਸੁਣੇ ਸਨ ਦਿਨ ਚੰਗਿਆਂ ਵਿਚ
ਭੁੱਜੇ ਉਗਦੇ ਜੌਂ ਵੇ ਹਾਣੀ
ਤੇਰੇ ਮਹਿਲੀਂ ਸੁਣ ਸੱਜਣਾ ਵੇ
ਬੇਦਰਦਾਂ ਦੀ ਪਹਿਰੇਦਾਰੀ
ਵੇਖ ਕਿਵੇਂ ਰੋਹੀਆਂ ਵਿਚ ਭਟਕੀ
ਜੋਬਨ ਦੀ ਖ਼ੁਸ਼ਬੋ ਵੇ ਹਾਣੀ
ਧਰਤ ਨਕਰਮੀ ਦੇ ਸਿਰ ਉਤੋਂ
ਰੋਜ਼ ਨਪੁੰਸਕ ਸੂਰਜ ਲੰਘੇ
ਤਾਹੀਓਂ ਸਾਥੋਂ ਡੀਕ ਨਾ ਹੋਵੇ
ਉਮਰ ਦਾ ਠਰਦਾ ਪੋਹ ਵੇ ਹਾਣੀ
ਮੇਰੇ ਇਸ਼ਕੇ ਦਾ ਅੰਬਰ ਵੀ
ਮੇਰੇ ਹੱਥ ਦੀ ਰੇਖ ਨਾ ਬਣਿਆ
ਹੁਣ ਤਾਂ ਸੁਪਨੇ ਦੇ ਮੇਚੇ ਦੀ
ਦੋ ਗਜ਼ ਮੰਗਾਂ ਭੌਂ ਵੇ ਹਾਣੀ |