ਕਲੈਡੀਓਸਕੋਪ

ਹੈਰਾਨੀ
ਉਦਾਸੀ
ਗ਼ਮ
ਤੇ ਗਿਲਾਨੀ ਦੀ
ਹੱਦ ਨਹੀਂ
ਇਸ ਦਿਨ ਦੀ
ਤਕਦੀਰ ਨੂੰ
ਕੀ ਹੋਇਆ
ਇਹ ਦਿਨ ਤਾਂ
ਤਕਦੀਰ ਨੇ
ਇੰਜ ਦਿਤਾ ਸੀ ਮੈਨੂੰ
ਜਿਵੇਂ
ਨਿੱਕਾ ਜਿਹਾ ਬਾਲ
ਕਿਸੇ ਦਾ
ਖਿਡਾਣ ਲਈ
ਉਹ ਬਾਲ
ਨਿੱਕਾ ਜਿਹਾ
ਮਰ ਗਿਆ
ਆਪਣੀ ਮੌਤੇ
ਕਰ ਗਿਆ ਮੈਨੂੰ
ਗੁਨਾਹਗਾਰ

ਮੈਂ ਤਾਂ
ਮੁੱਠੀ ਕੁ ਬੰਦਸ਼ਾਂ ਦੀਆਂ
ਵੰਗਾਂ ਭੰਨੀਆਂ ਸਨ
ਕਲੈਡੀਓਸਕੋਪ
ਬਣਾਉਣ ਲਈ
ਕਿ ਆਉਂਦੇ ਵਕਤ ਦੀ ਕੋਈ
ਖ਼ੂਬਸੂਰਤ ਨੁਹਾਰ ਵੇਖ ਸਕਾਂ
ਪਰ ਸਾਰੇ ਦੇ ਸਾਰੇ
ਕੱਚ ਦੇ ਟੁੱਕੜੇ
ਮੇਰੇ ਲਹੂ ਵਿਚ ਰਲ ਗਏ

ਮੇਰੀ ਵੀਣੀ ਤੇ
ਟੁੱਟੀਆਂ ਵੰਗਾਂ
ਮੇਰੇ ਸਾਹਵਾਂ ਵਿਚ
ਚੁਭ ਗਈਆਂ
ਪਰਾਏ ਹੱਥਾਂ ਦੀ ਕਰੰਘੜੀ
ਟੁੱਟ ਕੇ
ਮੇਰੀਆਂ ਉਂਗਲਾਂ ਵੀ ਨਾਲ ਲੈ ਗਈ

ਮੈਂ ਤਾਂ
ਖਿੜਨ ਵਿਗਸਣ ਲਈ
ਨਾ ਕੋਹਾਂ ਜ਼ਮੀਨ ਮੰਗੀ ਸੀ
ਨਾ ਗੋਡੇ-ਗੋਡੇ ਪਾਣੀ
ਮੇਰੀ ਮਨੀ-ਪਲਾਂਟ ਜਿਹੀ ਹੋਂਦ ਨੂੰ
ਬਸ ਸਾਹ ਹੀ ਲੋੜੀਂਦੇ ਸਨ
ਕੁਝ ਨਿੱਘੇ ਸਾਹ

ਸੂਰਜ ਇੰਜ ਚੜ੍ਹਿਆ
ਕਿ ਦਿਨ ਨਾ ਉੱਗਾ
ਰਾਤ ਪਈ
ਤਾ ਚੰਨ ਮਨਫ਼ੀ ਹੋ ਗਿਆ
ਇੰਜ ਭੁਰੀਆਂ
ਖ਼ਾਬਾਂ ਦੇ
ਘਰ ਦੀਆਂ ਕੰਧਾਂ
ਜਿਵੇਂ ਰਾਤ ਦਾ
ਸੰਨਾਟਾ ਚੀਰ ਕੇ
ਲੰਘ ਜਾਵੇ ਕੋਈ
ਭਿਆਨਕ ਚੀਖ਼

ਏਡੀ ਅਲੋਕਾਰੀ ਤਾਂ ਨਹੀਂ ਸੀ
ਵਰਣਮਾਲਾ 'ਚੋਂ
ਚਹੁੰ ਅੱਖਰਾਂ ਦੇ
ਇੰਤਖ਼ਾਬ ਦੀ ਗੱਲ
ਅਲੋਕਾਰੀ ਤਾਂ
ਇਹ ਹੋਈ
ਜਦ ਵਰਣਮਾਲਾ ਨੇ
ਮਰਦਮਸ਼ੁਮਾਰੀ ਕਰਵਾਈ
ਤਾਂ ਚਾਰੇ ਅੱਖਰ
ਇੰਤਖ਼ਾਬ ਮੇਰੇ ਦੇ
ਸਾਊ ਬਾਲਾਂ ਵਾਂਗ
ਆਪਣੀ ਆਪਣੀ ਜਗ੍ਹਾ ਮੁੜ ਗਏ
ਮੇਰੀ ਪੀਚੀ ਮੁੱਠੀ ਵਿਚ ਬਚ ਗਈ
ਮੇਰੇ ਆਪਣੇ ਨਹੁੰਆਂ ਦੀ ਚੋਭ
ਲੱਭੀ ਹੀ ਨਾ ਮੁੜ
ਮੇਰੇ ਜਲਾਵਤਨੀ ਸੂਰਜ ਦੀ ਪੈੜ

ਹੁਣ ਤਾਂ
ਥੱਕੀਆਂ ਉਨੀਂਦੀਆਂ ਅੱਖਾਂ 'ਚ
ਨਹੀਂ ਰਿਹਾ ਪਰੀ-ਦੇਸ਼ ਦਾ
ਕੋਈ ਸੁਪਨਾ
ਸ਼ੋਅ ਕੇਸ 'ਚ ਪਏ
ਖਿਡੌਣਿਆਂ ਦਾ
ਹੁਣ ਭੁੱਲ ਗਿਐ ਵਿਗੋਚਾ

ਇਲਹਾਮ ਹੋ ਰਿਹੈ ਮੈਨੂੰ
ਕਿ ਫ਼ੁਹਾਰਿਆਂ ਦੇ 'ਮੀਂਹ' ਬਾਦ
ਨਹੀਂ ਪੈਂਦੀਆਂ ਹੁੰਦੀਆਂ
ਸਤਰੰਗੀਆਂ ਪੀਂਘਾਂ
ਮੁੱਠੀ 'ਚ ਕੈਦ
ਸੱਭੇ ਬੂੰਦਾਂ
ਨਹੀਂ ਬਣਿਆ ਕਰਦੀਆਂ
ਸੁੱਚੇ ਮੋਤੀ
ਚੰਗਾ ਹੀ ਹੋਇਆ
ਇਸ ਕਲੈਡੀਓਸਕੋਪ ਵਿਚ
ਨ੍ਹੇਰਾ ਹੋ ਗਿਆ
ਕੁਝ ਵੀ ਤਾਂ ਨਹੀਂ ਸੀ ਇਸ ਵਿਚ
ਆਪਣੇ ਹੱਥੀਂ
ਆਪਣੀ ਵੀਣੀ 'ਤੇ ਤੋੜੀਆਂ

ਵੰਗਾਂ ਤੋਂ ਬਿਨਾਂ