ਸੁਣਦੇ ਆਂ
ਪਹਾੜੀ ਇਲਾਕਿਆਂ ?ਚ ਲੋਕੀਂ
ਆਪਣੇ ਘਰਾਂ ਦੇ
ਬੂਹੇ-ਬਾਰੀਆਂ
ਘੁੱਟ ਕੇ ਬੰਦ ਕਰ ਛੱਡਦੇ ਨੇ
ਕਿਉਂ ਜੋ ਬੱਦਲ
ਤੁਹਾਡੇ ਬੂਹੇ-ਬਾਰੀਆਂ ਥਾਣੀਂ
ਘਰਾਂ ਵਿਚ ਆ ਜਾਂਦੇ ਨੇ
ਤੇ ਤੁਹਾਡੀ ਛੱਤ ਹੇਠ
ਚੁੱਪ-ਚਾਪ ਵਸ ਜਾਂਦੇ ਨੇ
ਪਹਿਲੀ ਵੇਰਾਂ ਸੁਣਿਆਂ
ਅਜੀਬ ਜਾਪੀ ਸੀ ਇਹ ਗੱਲ
ਅੱਜ ਸੋਚਦੀ ਆਂ
ਕਿ ਕੁਦਰਤ
ਸਿਰਫ਼ ਪਹਾੜੀ ਲੋਕਾਂ ?ਤੇ ਈ
ਮਿਹਰਬਾਨ ਕਿਉਂ ਏ
ਇੰਜ ਕਿਉਂ ਨਹੀਂ ਹੁੰਦਾ
ਸਾਡੇ ਗਰਾਂ ਵੀ
ਕਿ ਸਾਡੇ ਆਪਣੇ ਹਿੱਸੇ ਦਾ ਬੱਦਲ
ਸਾਡੇ ਸਿਰਾਂ ਦੀਆਂ ਛੱਤਾਂ ਹੇਠੋਂ
ਵਰ੍ਹ ਜਾਵੇ
ਸਾਨੂੰ
ਭਿਉਂ ਜਾਵੇ
ਰੂਹ ਤੀਕਰ
ਸਾਡਾ ਸਾਵਣ
ਬਣ ਜਾਵੇ
ਸਾਡੇ ਹੱਥਾਂ ਦੀ ਰੇਖਾ
ਇੰਜ ਕਿਉਂ ਨਹੀਂ ਹੁੰਦਾ
ਸਾਡੇ ਗਰਾਂ ਵੀ |