ਹਾਦਸਿਆਂ ਦੇ ਮੌਸਮ ਦੇ ਵਿਚ
ਰੂਹ ਦੀ ਸੁੱਚੀ ਸਰਦਲ ਉੱਤੇ
ਹੋਣੀ ਦੀ ਮੁੱਠੀ 'ਚੋਂ ਕਿਰਦੇ
ਸੰਜੋਗਾਂ ਦੇ ਸੈਆਂ ਟੁਕੜੇ
ਸੰਜੋਗਾਂ ਦੇ ਟੁਕੜੇ ਜੁੜ ਕੇ
ਰੂਹਾਂ ਦਾ ਬਨਵਾਸ ਨੇ ਬਣਦੇ
ਹਾਦਸਿਆਂ ਦੇ ਕਾਲੇ ਵਰਕੇ
ਹਸਤੀ ਦਾ ਇਤਿਹਾਸ ਨੇ ਬਣਦੇ
ਹਾਦਸਿਆਂ ਦੀ ਪੀੜਾ ਸਹਿੰਦੀ
ਰੂਹ ਦੀ ਕੂੰਜ ਇਉਂ ਕੁਰਲਾਵੇ
?ਕੱਲਾ-ਕਾਰਾ ਅੰਕ ਜਿਉਂ ਕੋਈ
ਬ੍ਰੈਕਟ ਤੋਂ ਬਾਹਰ ਰਹਿ ਜਾਵੇ
?ਕੱਲੇ-ਕਾਰੇ ਉਸ ਹਿੰਦਸੇ ਲਈ
ਖੋਲ੍ਹ ਕੇ ਆਪਣੇ ਨਿੱਗਰ ਬੂਹੇ
ਬ੍ਰੈਕਟ ਵਿਚਲਾ ਇਕ ਇਕ ਹਿੰਦਸਾ
ਬਾਹਰ ਖੜ੍ਹੇ ਹਿੰਦਸੇ ਨੂੰ ਧੂਹੇ
ਇਸ ਹਿੰਦਸੇ ਨਾਲ ਸਾਰੇ ਹਿੰਦਸੇ
ਜ਼ਰਬਾਂ ਲੈਂਦੇ ਵਾਰੋ-ਵਾਰੀ
ਤਾਂ ਜੋ ਇਹ ਅਣਹੋਇਆ ਬਣ 'ਜੇ
ਹੋਂਦ ਗੁਆ ਕੇ ਆਪਣੀ ਸਾਰੀ
ਹਸ਼ਰ ਇਹੀ ਹਿੰਦਸੇ ਦਾ ਹੁੰਦਾ
ਹਰ ਹਿੰਦਸੇ ਦਾ ਇਹ ਇਤਿਹਾਸ
ਕੱਲੇ-ਕਾਰੇ ਕਿਸੇ ਅੰਕ ਨੂੰ
ਹੋਂਦ ਕਦੇ ਨਾ ਆਵੇ ਰਾਸ
ਮੌਸਮ ਖਹਿ ਕੇ ਲੰਘ ਗਏ, ਪਰ
ਮੇਰੀ ਰੂਹ ਨੂੰ ਛੁਹ ਨਾ ਸਕੇ
ਬ੍ਰੈਕਟ ਵਿਚਲੇ ਸੈਆਂ ਹਿੰਦਸੇ
ਇਸ ਹਿੰਦਸੇ ਨੂੰ ਧੂਹ ਨਾ ਸਕੇ
ਗੁਜ਼ਰ ਚੁੱਕੇ ਸਿਧਾਰਥ ਦਾ ਵੀ
ਮੈਨੂੰ ਨਹੀਂ ਵਿਗੋਚਾ ਕੋਈ
ਦੁੱਖ ਪੀੜਾ ਸੰਤਾਪ ਦੀ ਸੋਝੀ
ਰੂਹ ਦਾ ਬੋਧੀ ਬਿਰਖ ਹੈ ਹੋਈ
ਏਸ ਬਿਰਖ ਦੀ ਛਾਂਵੇਂ ਬਹਿ ਕੇ
ਜੋ ਕੱਤਿਆ ਹੈ, ਜੋ ਬੁਣਿਆ ਹੈ
ਇਹ ਕੱਜਣ ਹੈ ਕੁਝ ਅੱਖਰਾਂ ਦਾ
ਮੇਰੀ ਰੂਹ 'ਤੇ ਜੋ ਤਣਿਆ ਹੈ |