ਇਹ ਲਾਜ਼ਿਮ ਤਾਂ ਨਹੀਂ
ਜੇ ਤੁਸੀਂ ਕਾਮਯਾਬੀ ਦੀ ਪੌੜੀ 'ਤੇ
ਜਾਇਜ਼
ਜਾਂ ਨਾਜਾਇਜ਼
ਜ਼ੋਰ ਨਾਲ
ਇਕ ਪੈਰ ਧਰ ਲਉ
ਤਾਂ ਸੰਜੋਗਾਂ ਜਿਹੀ
ਕੋਈ ਸ਼ਕਤੀ
ਤੁਹਾਨੂੰ
ਗੁਰੂਤਾ ਦੇ ਉਲਟ
ਉਤਲੀ ਪੌੜੀ 'ਤੇ
ਯਕਲਖ਼ਤ ਪੁਚਾ ਹੀ ਦੇਵੇ
ਹਰ ਸ਼ਖ਼ਸ ਦੀ ਜ਼ਿੰਦਗੀ ਵਿਚ
ਸੰਜੋਗਾਂ ਦੇ ਮੋਢੇ ਚੜ੍ਹ
ਆਕਾਸ਼ ਛੂਹਣੇ
ਨਹੀਂ ਲਿਖੇ ਹੁੰਦੇ
ਜ਼ਿੰਦਗੀ ਉਨ੍ਹਾਂ ਲਈ
ਤਿਲ ਤਿਲ ਮਰਨ
ਅਤੇ ਮੁੜ
ਟੁਕੜਾ ਟੁਕੜਾ ਜੋੜ ਕੇ
ਜੀਉਣ ਦਾ ਨਾਂ ਏ
ਜ਼ਿੰਦਗੀ
ਸਿਰ ਨੂੰ ਤਲੀ 'ਤੇ ਟਿਕਾ ਕੇ
ਲੜੀ ਜਾਣ ਵਾਲੀ
ਲੜਾਈ ਏ ਸੂਰਮਗਤੀ ਦੀ
ਸੱਪ ਤੇ ਪੌੜੀ ਦੀ ਖੇਡ ਜਦ
ਸਾਡੀਆਂ ਰੂਹਾਂ ਨੂੰ ਹੀ
ਮਾਫ਼ਕ ਨਹੀਂ
ਫੇਰ ਕਿਉਂ
ਸਾਡੀ ਕਾਮਯਾਬੀ ਦੀ ਮੰਜ਼ਿਲ ਤੋਂ
ਉਰਲੇ ਮੁਕਾਮ 'ਤੇ ਖੜ੍ਹੇ
ਜ਼ਹਿਰੀਲੇ ਨਾਗ
ਸਾਨੂੰ ਇਕੋ ਫੁੰਕਾਰੇ ਨਾਲ
ਹੇਠਲੀ ਪੌੜੀ ?ਤੇ ਸੁੱਟਣ ਲਈ
ਬਜ਼ਿੱਦ ਨੇ
ਸੱਪ-ਨਿਓਲੇ ਦੀ ਲੜਾਈ ਤਾਂ
ਬੀਤੇ ਵਕਤਾਂ ਦੀ ਬਾਤ ਏ
ਅੱਜ ਕੱਲ੍ਹ ਤਾਂ ਵਕਤ
ਤਰ੍ਹਾਂ ਤਰ੍ਹਾਂ ਦੇ
ਸੱਪਾਂ ਦੀ ਹੀ ਕਾਸ਼ਤ ਕਰਦੈ
ਸੱਪ ਜ਼ਹਿਰੀ ਤਾਂ ਹੁੰਦੇ ਨੇ
ਪਰ ਫੇਰ ਕੀ ਹੋਇਆ
ਮਹਿਫ਼ੂਜ਼ ਕਰੋ
ਆਪਣੇ ਆਪਣੇ ਘਰਾਂ ਨੂੰ
ਇੰਜ ਨਾ ਹੋਵੇ ਕਿ ਸੱਪ
ਤੁਹਾਡੇ ਕੰਧਾਂ-ਕੌਲਿਆਂ ਨੂੰ
ਚੱਟਦਾ ਫਿਰੇ
ਅਤੇ ਤੁਹਾਡੇ
ਚੁੱਲ੍ਹੇ 'ਤੇ ਪਏ ਦੁੱਧ ਨੂੰ
ਫੁੰਕਾਰੇ ਮਾਰੇ
ਜਦ ਤਕ
ਚਿੰਤਨ ਕਰ ਰਿਹੈ
ਸਾਡੇ ਮੱਥਿਆਂ ਦਾ ਸੂਰਜ
ਚਲੋ ਸੱਪ ਨੂੰ ਮਾਰ ਕੇ
ਸੀਰਨੀ ਵੰਡ ਦੇਈਏ
ਸੱਪ ਨੂੰ ਮਾਰਨ ਦੀ
ਮਜਬੂਰੀ ਨੂੰ ਭੁੱਲ ਜਾਓ
ਬਸ ਤੁਹਾਡੇ ਹੱਥ
ਉਸ ਨੂੰ ਜੂਨੀ-ਮੁਕਤ ਕਰ ਸਕਣ
ਸੀਰਨੀ ਮੁਕਤ ਕਰ ਦੇਵੇਗੀ
ਤੁਹਾਨੂੰ
ਪਾਪ-ਬੋਧ ਤੋਂ |