ਇਹ ਲੋਕ

ਇਹ ਲੋਕ ਤਾਂ ਭਲਿਆ ਲੋਕਾ!
ਚੁੱਪ ਪਾਣੀ ਦੀ ਹਿੱਕ 'ਤੇ ਉਗੀ
ਕੂਲੀ ਰੇਸ਼ਮ ਕਾਈ ਜਿਹੇ

ਪੈਰ ਕੋਈ ਮਾਸੂਮ ਜਿਹਾ ਪਰ
ਜਦ ਫਸਦਾ ਇਸ ਦਲਦਲ ਅੰਦਰ
ਇਹ ਹੱਸਦੇ, ਇਹ ਲੁੱਡੀਆਂ ਪਾਂਦੇ

ਦਾਗ਼ੀ ਸੇਬਾਂ ਵਰਗੇ ਲੋਕੀਂ
ਅਪਣੀ ਦਾਗ਼ੀ ਦਿੱਖ ਲੁਕਾਂਦੇ
ਪੈਣ ਨਾ ਦੇਂਦੇ ਭਰਮ ਕੋਈ ਪਰ
ਅਪਣੀ ਜਿੱਤ 'ਤੇ ਇਹ ਇਤਰਾਂਦੇ

ਇਹ ਲੋਕ ਤਾਂ ਜਿੰਦ ਮੇਰੀਏ!
ਖਾਦ ਬਣਾ ਕੇ ਹੋਂਦ ਤੇਰੀ ਨੂੰ
ਬੀਜਣ ਵੱਢਣ ਆਪਣੀਆਂ ਫ਼ਸਲਾਂ

ਸੁਣ ਜਿੰਦੇ! ਇਕ ਮਾਰ ਭੱਬਕਾ
ਜੀਕਣ ਬੁਝੇ ਗੈਸ ਦਾ ਚੁੱਲ੍ਹਾ
ਸੋਚੀਂ ਪਾ ਦੇ ਸਭ ਇਨ੍ਹਾਂ ਨੂੰ
ਫੁਲਕਾ ਵੇਲੀਂ ਖੜ੍ਹੇ ਹੋਏ ਜੋ
ਹੁਣ ਨਾ ਸਾੜੀਂ ਆਪਣੀ ਬੱਤੀ

ਹੋਰ ਨਾ ਸਾੜੀਂ ਆਪਣੀ ਬੱਤੀ