ਮੈਂ ਖ਼ੁਸ਼ਕ ਪੱਤਿਆਂ ਨਾਲ ਜਿਸਮ ਢਕੀ
ਆਦੀਵਾਸੀ ਕੁੜੀ ਸਾਂ ਕੋਈ
ਤੇਰੀ ਆਵਾਰਾ ਨਜ਼ਰ ਬਸ
ਪੱਤਝੜ ਉਡੀਕਦੀ ਰਹੀ
ਕਿੰਨੀ ਹੀ ਵੇਰ ਔਝੜੀਂ ਪਏ ਤੇਰੇ ਕਦਮ
ਤੇ ਫੇਰ ਜੋ ਲੱਭਾ, ਜਿੰਨਾ ਲੱਭਾ
ਤੂੰ ਉਸੇ ਨੂੰ ਮੇਰਾ " ਮੈਂ " ਸਮਝ ਲਿਆ
ਮੇਰੇ ਪੱਤਝੜ ਦੀ ਪ੍ਰਕਰਮਾ ਕਰਨ
ਤੂੰ ਨੰਗੇ ਪੈਰੀਂ ਨਿਕਲਿਆ
ਉਂਜ ਨੰਗੇ ਤੇਰੇ ਸਿਰਫ਼ ਪੈਰ ਹੀ ਨਹੀਂ ਸਨ
ਆਪਣੇ ਨੰਗੇਜ਼ ਤੋਂ ਤ੍ਰਹਿ ਕੇ
ਬੁਰਕਾ ਤੂੰ ਮੇਰੇ ਜਿਸਮ 'ਤੇ ਸੁੱਟਿਆ
ਮੇਰੇ ਜ਼ਿਹਨ ਵਿਚ ਸੂਰਜ ਲਿਸ਼ਕਿਆ
ਤੈਨੂੰ ਹੱਥਾਂ ਪੈਰਾਂ ਦੀ ਪੈ ਗਈ
ਮੇਰੀਆਂ ਸੈਆਂ ਬਾਹਾਂ ਦੇ ਜੰਗਲ ਵਿਚ
ਤੇਰਾ ਦਮ ਘੁਟੀਣ ਲੱਗਾ
ਫੇਰ ਤੂੰ ਸਾਜ਼ਿਸ਼ ਰਚੀ
ਮੇਰੇ ਮੁਖ਼ਤਲਿਫ਼ ਹੱਥ ਵਿਚ
ਤੂੰ ਖੌਰੇ ਕੀ ਕੀ ਫੜਾ ਦਿੱਤਾ
ਤੇਰੇ ਵਾਰਸ ਤੈਨੂੰ ਮਿਲਦੇ ਰਹੇ
ਮੈਨੂੰ ਪਰਵਾਸ ਮਿਲਿਆ
ਬਨਵਾਸ
ਜਾਂ ਗੁਪਤਵਾਸ
ਤੈਨੂੰ ਤਾਂ ਬਸ
ਅੰਡਰ ਸਟੇਟਸ ਰਹਿਣਾ ਗਵਾਰਾ ਨਹੀਂ ਸੀ
ਆਪੇ ਤੋਂ ਆਪੇ ਤੱਕ ਦੀ
ਦੌੜ ਦੌੜਦਿਆਂ
ਮੇਰਾ ਹਰ ਇਕ ਪਲ
ਇਕ ਮਹਾਂ-ਯੁੱਧ ਬਣ ਗਿਐ
ਮੈਂ ਦੌੜ ਵੀ ਰਹੀ ਹਾਂ
ਲੜ ਵੀ ਰਹੀ ਹਾਂ ਇਹ ਮਹਾਂ-ਯੁੱਧ
ਤੂੰ ਮੇਰੀਆਂ ਬਾਹਾਂ ਦੇ ਜੰਗਲ ਵਿਚ
ਦੁਬਕ ਕੇ ਮਹਿਫ਼ੂਜ਼ ਹੋ ਗਿਐ ਜੋ
ਹੱਸ ਰਿਹੈਂ
ਤੇ ਕ੍ਰਿਸ਼ਨ ਦਾ ਭੇਸ ਵਟਾ ਕੇ
ਉਪਦੇਸ਼ ਦੇ ਰਿਹੈਂ
ਉਹ ਉਪਦੇਸ਼ ਜਿਸ ਦਾ ਮੈਨੂੰ
ਯੁੱਗਾਂ ਪਹਿਲਾਂ ਹੀ ਇਲਹਾਮ ਹੋ ਚੁੱਕੈ
ਕਿ ਇਸ ਯੁੱਧ ਵਿਚ ਮੇਰੇ ਹੱਥੋਂ ਨਿਕਲਿਆ
ਇਕ ਇਕ ਤੀਰ
ਮੇਰੀ ਹੀ ਛਾਤੀ ਵਿਚ ਖੁਭਣੈ
ਕਿਉਂਕਿ ਇਸ ਯੁੱਧ ਵਿਚ
ਦੂਜੀ ਧਿਰ ਵੀ ਤਾਂ ਮੈਂ ਹੀ ਹਾਂ
ਆਪਣੇ ਹੀ ਹੱਥੀਂ
ਮੈਂ ਪਲ ਪਲ ਜਿਬ੍ਹਾ ਹੋ ਰਹੀ ਹਾਂ
ਤੇਰੇ ਹੱਥਾਂ ਵਿਚ
ਕਿੱਥੇ ਆਂਗਸ ਹੈ
ਇਹ ਯੁੱਧਨਾਮਾ
ਉਲੀਕਣ ਮਾਤਰ ਦੀ
ਤੂੰ ਸਦਾ ਦਾ ਨਿਪੁੰਸਕ ਸੂਰਜ
ਤੇ ਮੇਰੀ ਰੂਹ ਦਾ ਸੂਰਜਮੁਖੀ
ਮੇਰੇ ਸਾਹਵੇਂ ਸਵਾਲੀਆ ਫ਼ਿਕਰਾ ਬਣ ਗਿਐ
ਆਦਮਖ਼ੋਰੀ ਤੋਂ ਲੈ ਕੇ
ਡਿਸਟਿਲਡ ਵਾਟਰ ਤੱਕ ਦੀ ਤੇਰੀ ਸੱਭਿਅਤਾ
ਮੇਰੇ ਪੱਤਝੜ ਸਾਹਵੇਂ
ਖ਼ਾਮੋਸ਼ ਹੈ, ਸ਼ਰਮਿੰਦਾ ਹੈ
ਕਣ ਕਣ ਵਿਚ ਵੰਡਿਆ
ਤੇਰਾ ਅਸਤਿਤਵ
ਆਪਣੀਆਂ ਕਰੋੜਾਂ ਸਿਫ਼ਰਾਂ ਦੀ
ਸਾਰਥਕਤਾ ਲਈ
ਮੈਥੋਂ ਨਿੱਤ ਇਕਾਈ ਮੰਗਦੈ
ਮੈਂ ਜਨਮ ਜਨਮ ਦੀ ਹਵਾ
ਤੂੰ ਜਨਮ ਜਨਮ ਦਾ ਆਦਮ |