ਅਣਜੰਮੇ ਬਾਗੀ ਦੇ ਨਾਂ

ਜਦੋਂ,
ਮਨੁੱਖਤਾ ਸੁੰਗੜ ਕੇ
ਜਾਲਮ ਦੇ ਜੇਬ 'ਚ
ਪੈ ਜਾਵੇ,
ਰਾਤੋਂ-ਰਾਤ
ਧਰਤੀ ਦੀ ਨੰਗੀ ਹਿੱਕ ਤੇ
ਬਗਾਵਤ ਦੇ ਨਹੁੰ
ਉੱਗ ਆਉਣ
ਜਦੋਂ,
ਅੰਬਰਾਂ ਦਾ ਕਾਲਜਾ
ਪਾਟ ਕੇ,
ਲੀਰੋ-ਲੀਰ ਹੋਵੇ
ਤੇ,
ਤਾਰਿਆਂ ਤੇ
ਸੁਕਣੇ ਪਾਏ ਹਉਕੇ
ਭੁੰਜੇ ਡਿੱਗ ਪੈਣ
ਉਦੋਂ,
ਕਿਸੇ ਅਣਜੰਮੇ ਬਾਗੀ ਦੀ
ਮਾਂ
ਜੰਮਣ ਪੀੜਾਂ
ਸਹਿ ਰਹੀ ਹੁੰਦੀ ਹੈ।