ਸਿਫ਼ਰ

ਹਾਅਵਾਂ ਦੇ ਪੱਤਣ
ਸਾਹਾਂ ਦੇ ਸਰਵਰ
ਵਿੱਚ ਪੀੜਾਂ ਦਾ ਹੰਸ ਤਰੇ।

ਨਿੱਕੀ-ਨਿੱਕੀ ਘੁੱਟ ਨਾਲ
ਪੀਵੇਂ ਮੇਰੀ ਰੱਤੜੀ ਨੂੰ
ਮਿੱਠਾ-ਮਿੱਠਾ ਦਰਦ ਕਰੇ।

ਹਾਣੀਆਂ ਨੂੰ ਪੱਲੇ ਨਾਲ
ਗੰਢ ਦੇਣੀ ਭੁੱਲਗੇ ਸਾਂ
ਤਾਹੀਉ ਸਾਥੋਂ ਹੋ ਗਏ ਪਰ੍ਹੇ।

ਸਾਉਣ ਦਿਆਂ ਬੱਦਲਾਂ ਨੇ
ਆਹ ਕੀ ਕੀਤਾ ਮੇਰੇ ਨਾਲ
ਮੇਰਾ ਘਰ ਛੱਡ ਕੇ ਵਰ੍ਹੇ।

ਅੰਬਰਾਂ ਦੇ ਗਲਵੇਂ 'ਚ
ਚੰਦ ਦਾ ਤਵੀਤ ਪਾ ਕੇ
ਰਾਤ ਸੌਂ ਗਈ ਓਪਰੇ ਘਰੇ।

ਲੇਖਾਂ ਦਿਆ ਮਾਲੀਆ
ਕੀ ਤੂੰ ਕਰੇਂ ਰਾਖੀਆਂ ਵੇ
ਛਾਂਗ ਦਿੱਤੇ ਬਿਰਖ ਹਰੇ।

ਹਿੱਸੇ ਆਏ ਹਾਣੀਆਂ ਚੋਂ,
ਇੱਕ ਵੀ ਨਾ ਮੇਚ ਆਇਆ

ਜਿਹੜਾ ਖਾਲੀ ਸਿਫਰ ਭਰੇ।