ਨਾਂ ਨੀ ਮਾਂ
ਇਹ ਤੰਦੂਰ ਹੁਣ
ਇਉਂ ਨਹੀਂ ਤਪਣੇਂ !
ਸਿੱਟ ਪਰ੍ਹਾਂ ਇਹ
ਗਿੱਲਾ ਬਾਲਣ
ਹੁਣ ਇਹਨੂੰ
ਹੱਡਾਂ ਨਾਲ ਤਪਾਈਏ !
ਭੁੰਨ-ਭੁੰਨ ਕੇ
ਆਟੇ ਦੀਆਂ ਚਿੜੀਆਂ
ਵੇਖ ਬਨੇਰੇ ਬੈਠੇ
ਕਾਂਵਾਂ ਨੂੰ ਰਜਾਈਏ !
ਪਹਿਲਾਂ ਪੂਰ
ਉਹਨਾਂ ਦੇ ਨਾਂ ਦਾ
ਜਿਹੜੇ ਅੱਧ ਵਿਚਾਲੇ
ਹੋ ਗਏ ਪੂਰੇ
ਉਹਨਾਂ ਵਿਛੜਿਆਂ ਦੀ
ਝੋਲੀ ਪਾਈਏ !
ਦੂਜਾ ਪੂਰ
ਪਰਦੇਸ ਤੁਰੇ ਹਾਣੀਂ ਦੇ
ਮੱਲੇ ਜੋਰੀ
ਪੱਲੇ ਨਾਲ ਬਨ੍ਹਾਈਏ!
ਤੀਜੇ ਪੂਰ ਨੂੰ
ਆਟਾ ਮੁੱਕਿਆ
ਕਿਥੋਂ ਢਿੱਡ ਰਜਾਈਏ !
ਚੱਲ ਹੁਣ
ਗਮਾਂ ਦਾ
ਟੁੱਕਰ ਖਾਈਏ। |