ਐਨੀ ਚੁੱਪ
ਕਿ,
ਹਵਾ ਦਾ ਸਾਹ ਵੀ
ਘੁੱਟਿਆ ਗਿਆ,
ਸਿਵਾ ਬਲ ਰਿਹਾ ਹੋਵੇ,
ਜਿਵੇਂ,
ਕਿਸੇ ਦੇ ਬੋਲਾਂ ਦਾ।
ਜਦੋਂ ਦੇ
ਪੈਣ ਲੱਗ ਪਏ
ਜੀਭਾਂ ਦੇ ਮੁੱਲ
ਦੰਦਾਂ ਮਗਰ
ਜ਼ਬਾਨ ਲੁਕੋਈ ਬੈਠੇ ਹਾਂ।
ਕੰਨਾਂ 'ਚ ਵੀ
ਪਾ ਲਈਆਂ ਨੇ ਉਂਗਲਾਂ
ਧੜਕੇ ਤੋਂ ਡਰਦਿਆਂ ਨੇਂ
ਪੌਣਾਂ ਦੀ ਛੋਹ ਵੀ
ਹੁਣ
ਪਿੰਡੇ 'ਤੇ
ਚੁੱਭਦੀ ਹੈ।
ਦੀਦਿਆਂ ਦਾ
ਪਾਣੀਂ ਤਾਂ
ਹੁਣ ਸੁੱਕ ਗਿਆ
ਬੁੱਲ ਵੀ ਅੱਜ
ਘੱਟ ਕੰਬਦੇ ਨੇ
ਪਰ,
ਚਿੱਤ ਨੂੰ,
ਅਜੇ ਵੀ ਝੋਰਾ ਹੈ
ਕਿ,
ਦੂਰ ਕਿਤੇ ਉਹਲੇ
ਕੋਈ,
ਗੁਲੇਲ ਵਿੰਨ੍ਹੀ
ਬੈਠਾ ਹੈ। |