ਟੁੱਕਰ

ਨਾਂ ਨੀ ਮਾਂ
ਇਹ ਤੰਦੂਰ ਹੁਣ
ਇਉਂ ਨਹੀਂ ਤਪਣੇਂ !

ਸਿੱਟ ਪਰ੍ਹਾਂ ਇਹ
ਗਿੱਲਾ ਬਾਲਣ
ਹੁਣ ਇਹਨੂੰ
ਹੱਡਾਂ ਨਾਲ ਤਪਾਈਏ !

ਭੁੰਨ-ਭੁੰਨ ਕੇ
ਆਟੇ ਦੀਆਂ ਚਿੜੀਆਂ
ਵੇਖ ਬਨੇਰੇ ਬੈਠੇ 
ਕਾਂਵਾਂ ਨੂੰ ਰਜਾਈਏ !

ਪਹਿਲਾਂ ਪੂਰ
ਉਹਨਾਂ ਦੇ ਨਾਂ ਦਾ
ਜਿਹੜੇ ਅੱਧ ਵਿਚਾਲੇ
ਹੋ ਗਏ ਪੂਰੇ
ਉਹਨਾਂ ਵਿਛੜਿਆਂ ਦੀ
ਝੋਲੀ ਪਾਈਏ !

ਦੂਜਾ ਪੂਰ
ਪਰਦੇਸ ਤੁਰੇ ਹਾਣੀਂ ਦੇ
ਮੱਲੇ ਜੋਰੀ
ਪੱਲੇ ਨਾਲ ਬਨ੍ਹਾਈਏ!

ਤੀਜੇ ਪੂਰ ਨੂੰ
ਆਟਾ ਮੁੱਕਿਆ
ਕਿਥੋਂ ਢਿੱਡ ਰਜਾਈਏ !

ਚੱਲ ਹੁਣ
ਗਮਾਂ ਦਾ

ਟੁੱਕਰ ਖਾਈਏ।