Academy of the Punjab in North America

Gurmukhi Poetry Selections

Gurmit Barar

ਪੜਛਾਵਿਆਂ ਦੇ ਮਗਰੇ ਮਗਰ

 

ਅਣਜੰਮੇ ਬਾਗੀ ਦੇ ਨਾਂ

ਜਦੋਂ,
ਮਨੁੱਖਤਾ ਸੁੰਗੜ ਕੇ
ਜਾਲਮ ਦੇ ਜੇਬ ‘ਚ
ਪੈ ਜਾਵੇ,
ਰਾਤੋਂ-ਰਾਤ
ਧਰਤੀ ਦੀ ਨੰਗੀ ਹਿੱਕ ਤੇ
ਬਗਾਵਤ ਦੇ ਨਹੁੰ
ਉੱਗ ਆਉਣ
ਜਦੋਂ,
ਅੰਬਰਾਂ ਦਾ ਕਾਲਜਾ
ਪਾਟ ਕੇ,
ਲੀਰੋ-ਲੀਰ ਹੋਵੇ
ਤੇ,
ਤਾਰਿਆਂ ਤੇ
ਸੁਕਣੇ ਪਾਏ ਹਉਕੇ
ਭੁੰਜੇ ਡਿੱਗ ਪੈਣ
ਉਦੋਂ,
ਕਿਸੇ ਅਣਜੰਮੇ ਬਾਗੀ ਦੀ
ਮਾਂ
ਜੰਮਣ ਪੀੜਾਂ
ਸਹਿ ਰਹੀ ਹੁੰਦੀ ਹੈ।