ਕੱਚੇ ਰਾਹ

ਰੁਜ਼ਗਾਰ ਦਫ਼ਤਰ ਦੀਆਂ
ਮਿਸਲਾਂ 'ਚ ਰੁਲਦਾ
ਬਦਨਸੀਬ ਅਣਗੌਲਿਆ
ਅੰਕੜਾ ਹਾਂ ਮੈਂ
ਜਿਵੇਂ ਇਤਰਾਂ ਭਰਿਆ
ਖ਼ਤ ਕਿਸੇ ਦਾ
ਰੁਲਦਾ ਹੋਵੇ
"ਡੈੱਡ ਲੈਟਰ ਆਫ਼ਿਸ" ਦੀ
ਕਿਸੇ ਨੁੱਕਰੇ

ਜ਼ਿੰਦਗੀ ਸਿਮਟ ਕੇ
ਜਿਵੇਂ
ਸੱਨਦਾਂ ਦੀ
ਫੋਟੋਸਟੈਟ ਕਾਪੀ ਬਣ ਗਈ ਏ
ਹਰ ਦਿਨ ਮੇਰਾ
?ਲੋੜ ਹੈ? ਦੇ ਕਾਲਮ ਤੋਂ ਉਗਦਾ
ਬਾਇਓਡੈਟਾ ਦੀ ਮੁਹਾਰਨੀ ਚਿੰਘਾੜਦਾ
ਬੇਲੋੜਤਾ ਦੇ ਅਹਿਸਾਸ ਦੇ ਓਹਲੇ 'ਚ
ਛਿਪ ਜਾਂਦੈ ਸ਼ਰਮਿੰਦਾ ਹੋ ਕੇ

ਇਸ ਚੱਕਰਵਿਊ 'ਚ
ਘੁੰਮਦੀ ਭਟਕਦੀ
ਪਗਡੰਡੀਆਂ ਉਤੇ
ਨਾ ਤੁਰਨ ਲਈ ਬਜ਼ਿੱਦ
ਮੇਰੀ ਉਮਰ ਨੂੰ
ਸਰਾਪ ਹੀ ਲੱਗ ਗਿਐ
ਇਨ੍ਹਾਂ ਰਾਹ ਦੇ ਰੋੜਾਂ ਦਾ

ਮੈਂ ਥੱਕ ਗਈ ਆਂ
ਮੁੜ ਮੁੜ ਯਾਦ ਕਰਵਾ ਕੇ
ਆਪਣੇ ਆਪ ਨੂੰ
ਕਿ ਕਮਜ਼ੋਰ ਹੋਣਾ
ਕਿਸ ਕਦਰ ਲਾਅਨਤ ਏ
ਮੈਂ ਅੱਕ ਚੁੱਕੀ ਆਂ
ਮੁੜ ਮੁੜ ਭੁੱਲਣ ਦੀ
ਕੋਸ਼ਿਸ਼ ਕਰ ਕੇ
ਕਿ ਲਾਚਾਰੀ
ਕਿੰਨਾ ਵੱਡਾ ਗੁਨਾਹ ਏ
ਪਰ ਕੌਣ ਕਹਿ ਗਿਐ ਮੈਨੂੰ
ਕਿ ਕਾਮਯਾਬੀ ਦੀ ਮੰਜ਼ਿਲ ਦਾ ਰਾਹ
ਬਾਇਓਡਾਟਾ ਦੇ
ਬੇਮਤਲਬ ਹਿੰਦਸਿਆਂ
ਤੇ ਸੱਨਦਾਂ ਦੇ ਢੇਰ ਵਿਚਾਲਿਓਂ
ਲੰਘ ਹੀ ਨਹੀਂ ਸਕਦਾ
ਤੇ ਹੁਣ ਮੈਨੂੰ ਸ਼ੱਕ ਪੈਣ ਲੱਗ ਪਿਐ
ਮਾਂ ਦੀ ਅਸੀਸ 'ਤੇ ਵੀ....

ਮੇਰੀਆਂ ਪੈੜਾਂ ਤੋਂ ਉਡਦੀ
ਧੂੜ ਦਾ ਗ਼ੁਬਾਰ
ਮੇਰੀ ਨਾਕਾਮਯਾਬੀ 'ਤੇ
ਸਵਾਲੀਆ ਚਿੰਨ੍ਹ ਬਣ ਗਿਐ
ਮੇਰੇ ਅੱਗੇ ਪਿੱਛੇ, ਸੱਜੇ ਖੱਬੇ
ਸਿਕੰਦਰ ਹੀ ਸਿਕੰਦਰ ਨੇ
ਜਿਹੜੇ ਹੱਸਦੇ ਨੇ, ਕਿਲਕਾਰੀਆਂ ਮਾਰਦੇ ਨੇ
ਨਿੱਤ ਨਵੀਂ ਕਾਮਯਾਬੀ ਦਾ
ਨਵਾਂ ਜਸ਼ਨ ਮਨਾਂਦੇ ਨੇ
ਮੈਂ ਹੱਸ ਨਹੀਂ ਸਕਦੀ
ਪਰ ਰੋ ਵੀ ਨਹੀਂ ਸਕਦੀ
ਇਹ ਤੈਅ ਹੀ ਨਹੀਂ ਹੁੰਦਾ ਮੈਥੋਂ
ਦਰਸ਼ਕ ਬਣੀ ਰਹਾਂ
ਰਲ ਜਾਵਾਂ ਭੀੜ ਵਿਚ
ਕੀ ਸੱਚਮੁੱਚ ਇਹੀ ਹਾਸਿਲ ਹੁੰਦੈ

ਪਗਡੰਡੀ ਤੋਂ ਹਟ ਕੇ ਤੁਰਨ ਦਾ?