ਕਦੇ ਕਦੇ ਬਚਪਨ ਦੀ ਰੁੱਤੇ
ਵੇਖ ਵੇਖ ਹੈਰਾਨ ਹੁੰਦੇ ਸਾਂ
ਨਿੱਕੀਆਂ ਨਿੱਕੀਆਂ ਗੱਲਾਂ ਉਤੇ
ਸੰਦਲੀ ਹਾਸਾ ਹੱਸ ਪੈਂਦੇ ਸਾਂ
ਗੋਰੇ ਫੁੱਲਾਂ ਦੇ ਮੁੱਖ ਧੋਂਦੇ
ਸਰਘੀ ਵੇਲੇ ਤ੍ਰੇਲ ਦੇ ਤੁਪਕੇ
ਸਾਨੂੰ ਝੂਣ ਜਗਾਂਦੇ ਹੁੰਦੇ
ਪੰਛੀ ਜੀਕਣ ਕਾਸਦ ਦਿਨ ਦੇ
ਸਾਂਭੇ ਫੁੱਲ ਕਿਤਾਬਾਂ ਵਿਚੋਂ
ਝਾਕ ਝਾਕ ਕੇ ਹੱਸ ਪੈਂਦੇ ਸਨ
ਉਦੋਂ ਗਵਾਚੇ ਨਕਸ਼ ਕਿਸੇ ਦੇ
ਤਾਰਿਆਂ ਵਿਚੋਂ ਲੱਭ ਪੈਂਦੇ ਸਨ
ਪਰ ਹੁਣ ਤਾਂ ਬਚਪਨ ਦੀਆਂ ਗੱਲਾਂ
ਲਗਣ ਬਸ ਬਚਗਾਨੀਆਂ ਜਿਹੀਆਂ
ਉਗਲਦੀਆਂ ਨੇ ਰੰਗੀਆਂ ਕੰਧਾਂ
ਤਹਿਰੀਰਾਂ ਹੁਣ ਕੁਝ ਅਜਿਹੀਆਂ
?ਖੁਲ੍ਹਾ ਸੱਦਾ ਸਭ ਉਹਨਾਂ ਨੂੰ
ਇਲਮ ਦੀ ਭੋਗਣ ਜਿਹੜੇ ਪਿਆਸ
ਕੀ ਹੋਇਆ ਜੇ ਫੇਲ੍ਹ ਹੋ ਦਸਵੀਂ
ਅਸੀਂ ਕਰਾਈਏ ਬੀ. ਏ. ਪਾਸ?
?ਸੁਣੋ ਕੰਨ ਧਰ ਕੇ ਆਮ ਤੇ ਖ਼ਾਸ
ਰੋਗੀ ਨਾ ਹੁਣ ਹੋਣ ਨਿਰਾਸ
ਹਰ ਦੂਜੇ ਤੇ ਤੀਜੇ ਜੁੰਮੇ
ਮਿਲੋ ਬੱਸ-ਅੱਡੇ ਦੇ ਪਾਸ?
ਇਧਰ ਇਕ ਅਖ਼ਬਾਰ ਹੈ ਮੰਗਦੀ
ਲਹੂ ਦੇ ਲਾਲ ਕਣਾਂ ਦਾ ਠੇਕਾ
?ਚੋਟੀ ਦੇ ਖਿਡਾਰੀਆਂ ਦੇ ਲਈ
ਬਾਬੂ ਬਣਨ ਦਾ ਆਖ਼ਰੀ ਮੌਕਾ?
ਧੀਆਂ ਤਾਂ ਬਸ ਬੂਟੀਆਂ ਵਾਂਗਣ
ਖਾ ਜਾਵਣ ਫ਼ਸਲਾਂ ਦਾ ਹਿੱਸਾ
ਇਨ੍ਹਾਂ ਧਰੇਕਾਂ ਅਣਮੰਗੀਆਂ ਦਾ
ਸਿਰਿਓਂ ਫੜ ਮੁਕਾਈਏ ਕਿੱਸਾ
ਇਧਰ ਵੇਖੋ " ਵਰ ਦੀ ਲੋੜ "
ਨਿਰੀ-ਪੁਰੀ ਅੰਨ੍ਹਿਆਂ ਦੀ ਦੌੜ
?ਲਾਲ ਮਰੂਤੀ? ਉਤੇ ਚੜ੍ਹ ਕੇ
ਹੱਥ ਫੜਾ ਦੇਣ ਤਾਰੇ ਤੋੜ
ਹੈਲੀਕਾਪਟਰ ਅੰਦਰ ਉਡਦੀ
ਹੜ੍ਹ-ਪੀੜਤਾਂ ਲਈ ਹਮਦਰਦੀ
ਤੇ ਕੋਈ ਅਖ਼ਬਾਰ ਸੰਜੀਦਾ
ਏਸ " ਖ਼ਬਰ " ਨੂੰ ਨਸ਼ਰ ਹੈ ਕਰਦੀ
ਹੋਰ ਕੀ ਦੱਸਾਂ, ਹੋਰ ਕੀ ਲਿਖਾਂ
ਆਪਣੇ ਆਪ ਤੋਂ ਸ਼ਰਮਿੰਦਾ ਹਾਂ
ਇਸ ਬੰਜਰ ਬੇਸ਼ਰਮ ਹਵਾ ਵਿਚ
ਸਾਹ ਲੈਂਦੇ ਹਾਂ ਬਸ ਜ਼ਿੰਦਾ ਹਾਂ
ਇਸ ਯੁੱਗ ਦਾ ਇਤਿਹਾਸ ਜਦੋਂ ਵੀ
ਕਿਧਰੇ ਲਿਖਿਆ ਜਾਵੇਗਾ
ਸਾਨੂੰ ਵੀ ਤਾਂ ਕਿਸੇ ਕਟਿਹਰੇ
ਵਿਚ ਪਰਖਿਆ ਜਾਵੇਗਾ
ਕਿਹੜੀ ਗੀਤਾਂ ਦੀ ਸਹੁੰ ਖਾ ਕੇ
ਕਿੰਜ ਕਹਾਂਗੇ " ਸੱਚ ਕਹਾਂਗੇ "
ਕਿਹੜੇ ਡਰ ਤੋਂ ਚੁੱਪ ਰਹੇ ਸਾਂ
ਕਿੰਨਾ ਕੁ ਸੱਚ ਬੋਲ ਸਕਾਂਗੇ |