ਨਕਸ਼ਾ-ਨਵੀਸ ਦਾ ਸੁਪਨਾ

ਘਰ
ਗਮਲੇ ਵਿਚ ਉਗੇ
ਕੈਕਟਸ ਦੇ ਜੰਗਲ ਦਾ ਨਾਂ ਏ

ਘਰ
ਖ਼ਾਬਾਂ ਦੇ ਹੱਥਾਂ 'ਤੇ ਉਕਰੀ
ਬਦਕਿਸਮਤੀ ਦੀ ਰੇਖ ਜਿਹੇ
ਜਿਹੜੀ ਹੱਥਾਂ ਤੋਂ ਲੈ ਕੇ
ਸੋਚਾਂ ਤਕ ਫੈਲ ਜਾਂਦੀ ਏ

ਘਰ
ਪਾਣੀਆਂ ਦੀ ਖੜੋਤ ਦਾ ਨਾਂ ਏ
ਜਿਸ ਉਤੇ
ਰਿਸ਼ਤਿਆਂ ਦੇ ਭਰਮ ਦੀ
ਕੂਲੀ ਕਾਈ
ਆਪ-ਮੁਹਾਰੀ
ਉਗ ਆਉਂਦੀ ਏ
ਇਹ ਕਾਈ ਜਦੋਂ
ਅਪਣੇ ਅੰਦਰ ਫੈਲੀ
ਦਲਦਲ ਵਿਚ
ਕਿਸੇ ਮਾਸੂਮ ਦੇ ਪੈਰ
ਲਿਬੇੜ ਲੈਂਦੀ ਏ
ਤਾਂ ਇਸ ਦੀਆਂ ਕੰਧਾਂ
ਹੱਸਦੀਆਂ ਨੇ
ਕਹਿਕਹੇ ਮਾਰ ਕੇ

ਘਰ ਜ਼ਿੱਲ੍ਹਤ ਹੈ
ਉਦਾਸੀ ਹੈ
ਦਰਦ ਤੇ ਦਰਦ ਦਾ ਜਮ੍ਹਾਂਫਲ
ਇਕੱਲਤਾ ਤੇ ਇਕੱਲਤਾ ਦਾ ਗੁਣਨਫਲ
ਘਰ ਦੇ ਨਾਂ 'ਤੇ ਵਸਦੇ ਰਸਦੇ
ਖੰਡਰਾਂ ਵਿਚਾਲੇ
ਹਰ ਮੁਸਕਰਾਂਦੀ ਸੋਚ ਦਾ ਸੁਪਨਾ
ਬੇਵਕਤ ਜਾਪਦੈ

ਘਰ ਦੀਆਂ ਕੰਧਾਂ ਉਤੇ ਉਕਰੀ ਏ
ਬਾਪੂ ਦੀ ਘੁਰਕੀ
ਤੇ ਮਾਂ ਦੀ ਬੇਵਜ੍ਹਾ ਤਿਊੜੀ

ਇਸ ਦੀ ਪਾਕ ਜ਼ਮੀਨ ?ਤੇ
ਜਦੋਂ ਕਿਸੇ
ਅੱਭੜਵਾਹੇ ਜਾਗੀ ਜ਼ਮੀਰ ਨੂੰ
ਮੁੜ ਨੀਂਦ ਨਹੀਂ ਆਉਂਦੀ
ਤਾਂ ਘਰ ਦੀਆਂ ਤਰੇੜਾਂ ਵਿਚ
ਪਿੱਪਲ ਉੱਗ ਆਉਂਦੇ ਨੇ

ਘਰ ਤਾਂ ਬਸ
ਬਚਪਨ ਦੀ ਰੇਤ ਉਤੇ
"ਘਰ ਘਰ" ਖੇਡਣ ਦਾ ਨਾਂ ਸੀ
ਉਦੋਂ ਹਨ੍ਹੇਰੀਆਂ 'ਚ ਉਡ ਗਏ
ਨਕਸ਼ਾਂ ਦੀਆਂ ਛਿਲਤਰਾਂ
ਸੋਚਾਂ ਵਿਚ
ਨਹੀਂ ਸਨ ਚੁਭਦੀਆਂ

ਹੁਣ ਤਾਂ
ਘਰ ਵਿਚ ਵਸਦੇ ਨੇ
"ਘਰ ਘਰ" ਖੇਡਦੇ ਰਿਸ਼ਤੇ
ਜੋ ਮੀਂਹ ਆਣ 'ਤੇ
ਘਰੋ-ਘਰੀਂ ਦੌੜ ਜਾਂਦੇ ਨੇ
ਰੋਂਦੂ ਬਾਲਾਂ ਵਾਂਗ

ਘਰ ਦੀ ਸਿੱਲ੍ਹੀ ਫਿਜ਼ਾ ਵਿਚ
ਹਰ ਦਿਨ ਖੁਰਦਾ ਏ
ਕਿਸੇ ਪੱਗ ਦਾ ਕੱਚਾ ਰੰਗ
ਮਾਪੇ ਜਦੋਂ
ਔਲਾਦ ਦੀ ਸੂਰਤ ਵਿਚ
ਪੂੰਜੀ ਲਾਉਂਦੇ ਨੇ

ਤਾਂ ਘਰ
ਇਸ ਅਹਿਦਨਾਮੇ ਦੀ
ਖ਼ਾਮੋਸ਼ ਗਵਾਹੀ ਭਰਦੇ ਨੇ
ਪਰ ਜਿਸ ਪਲ
ਕਿਸੇ ਸੋਚ ਨੂੰ ਖੰਭ ਲੱਗਦੇ ਨੇ
ਘਰ ਦੇ ਦਰਵਾਜ਼ੇ
ਉਸੇ ਪਲ
ਦੀਵਾਰ ਬਣ ਜਾਂਦੇ ਨੇ
ਧੁੱਪਾਂ ਦੇ ਮੌਸਮ ਵਿਚ
ਛਾਂ ਨਹੀਂ ਬਣਦੇ ਘਰ
ਜਿੱਥੇ ਖ਼ੁਦੀ ਦੇ ਬੋਝ ਨਾਲ
ਟੁੱਟੀਆਂ ਬਾਹਾਂ
ਕਦੇ ਗਲ ਨੂੰ ਨਹੀਂ ਪਰਤਦੀਆਂ
ਉਸੇ ਘਰ ਦੀਆਂ ਬਰੂਹਾਂ ਵਿਚ ਉੱਗੇ
ਤੁਲਸੀ ਦੇ ਪੱਤਿਆਂ ਸਾਹਵੇਂ
ਕਿੰਨੀ ਹੀ ਵੇਰ ਚਿਣੇ ਨੇ
ਬੇਦਾਵੇ ਦੇ ਹਰਫ਼
ਪਰ ਮੁੜ ਮੁੜ ਕੇ
ਕਲਮ ਦੀ ਨੋਕ ਤੋੜ ਦਿੰਦੈ
ਲਹੂ ਦੇ ਕਤਰਿਆਂ ਦਾ ਕਰਜ਼ਾ
ਅਤੇ ਅੰਨ ਦੇ ਭੋਰਿਆਂ ਵਿਚ
ਵੰਡਿਆ ਅਸਤਿਤਵ

ਘਰ ਵਿਚ ਵਸਦਾ ਰਸਦਾ
ਹਰ ਸ਼ਖਸ
ਅਭਿਮੰਨਯੂ ਹੈ
ਤੇ ਚੱਕਰਵਿਊ
ਉਸ ਦੀ ਹੋਂਦ ਤੋਂ ਵੀ ਕਿਤੇ

ਵਡੇਰਾ ਸੱਚ