ਚੀਸ

ਸੁਣਿਆ ਹੈ
ਕਿ
ਕਤਲੋ ਗਾਰਤ ਦੀ ਰਾਤ ਵੀ
ਬੇਸ਼ਰਮ ਤਾਰੇ
ਝਾਕਦੇ ਰਹੇ
ਅੰਬਰ ਦੀਆਂ
ਵਿਰਲਾਂ ਥਾਣੀਂ

ਜਦੋਂ
ਲੀਰੋ ਲੀਰ ਹੋਈ ਪੱਤ
ਰੁਲਦੀ ਰਹੀ
ਰੰਗਰੂਟੀ ਬੂਟਾਂ ਥੱਲੇ,

ਹੁਣ
ਕਦੋਂ ਕੁ ਤੱਕ
ਚੁੱਕਣਗੇ ਕੁੱਛੜ
ਹਵਾਵਾਂ ਦੇ ਬੁੱਲੇ
ਕਦੋਂ ਕੁ ਤੱਕ
ਝਾਕਦੇ ਰਹਾਂਗੇ
ਬੱਦਲਾਂ ਦੇ ਮੁੰਹ ਵੰਨੀ

ਕਿ
ਪਵੇਗੀ ਠੰਡ
ਧਰਤੀ ਦੇ ਬਲਦੇ
ਕਾਲਜੇ ਨੂੰ,

ਹੁਣ ਜਦੋਂ
ਗਿੱਝ ਗਏ ਹਾਂ
ਹਨ੍ਹੇਰਿਆਂ 'ਚ
ਪੂਰਨੇ ਪਾਉਣੇਂ

ਚਲੋ,
ਸੰਸਾ ਤਾਂ ਮੁੱਕਿਆ

ਸੂਰਜ ਦੇ ਨਾਂ ਚੜਨ ਦਾ।