ਤਾਂਘ

ਜਦੋਂ,
ਤਾਂਘ ਮੇਰੀ ਦੇ
ਮਾਨ ਸਰੋਵਰ, 
ਭਰ-ਭਰ ਡੁੱਲ੍ਹੇ  
ਤੁਸੀਂ,
ਉਦੋਂ ਕਿਉ ਨਾਂ ਆਏ,

ਹੁਣ ਤਾਂ ਕੋਈ,
ਆਖਣ-ਉੱਗਣ
ਘੁੱਟੀਂ- ਬਾਟੀਂ
ਰੱਤ ਮੇਰੀ ਨੂੰ
ਸੂਤ ਗਿਆ । 

ਹੁਣ ਤਾਂ ਕੋਈ,
ਵਿੱਚ ਰਗਾਂ ਮੇਰੀਆਂ
ਵਿਹੁ ਸਾਹਾਂ ਨਾਲ
ਘੋਲ ਗਿਆ । 

ਹੁਣ ਤਾ ਉਹਦੀ
ਮਹਿਫਲ ਨੱਚ-ਨੱਚ
ਸੱਜ-ਅਲੂਹੇ
ਪੈਰੀਂ ਮੇਰੇ
ਛਾਲੇ,
ਲੱਖ ਹਜਾਰ ਹੋਏ,

ਕੋਸੇ-ਕੋਸੇ
ਸਾਹਾਂ ਦੀ ਜੇ
ਕਰੇਂ ਟਕੋਰ
ਤਾਂ ਖਵਰੈ
ਸੁੱਤੀਆਂ ਸੱਧਰਾਂ
ਉੱਠ ਖੜੋਣ