![]()
|
پنجابی لئی تھلے رول کرو ਸੁਫਨੇਗਰ سْفنے گر
ਗੁਲਸ਼ਨ ਦਿਆਲ گلشن دیال
احد رندھاوا
اس واراحد نال میں گلّ آصف جی دے سانجھا پنجاب توں توردی ہاں ، جاننا چاہندی ہاں کہ آصف جی جو اینی محنت کردے ہن – اوہ کتھوں تکّ کامیاب ہن اپنے مقصد وچ ؟ کویں اوہ لوہے دی کنڈیالی باڑ دے دوہاں پاسیوں توں پنجابیاں نوں جوڑدے ہن – اپنی جسٹس وجوں ذمیوار نوکری توں سماں کڈھ کے لکھتاں دوہاں لپیاں وچ لاؤندے ہن تاں احد آکھدا ہے کی اوہ آصف جی دے اس کم توں بے حدّ متاثر ہے ۔ اس دے مطابق ایہہ اک اہم کم ہے جو آصف جی کر رہے نے ۔ 7 – 8 مہینیاں توں اوہ اس نال جڑیا ہویا ہے تے کویں اس دے کنے ہی سنگی بیلی وی سانجھا پنجاب نال جڑ گئے نے ۔ اس نوں ایہہ اک زبردست پلیٹ فارم لگدا ہے جو پنجابیاں نوں بہت چنگی طرحاں جوڑ وی رہا ہے تے ہور وی جوڑ سکدا ہے ۔ اس دے خیال وچ ایہہ بہت جوش دیواندا ہے ۔ اوس دے مطابق ماں بولی دی لڑائی وچ اس دے کئی سنگی ساتھی جو تھکّ کے بیٹھ گئے سن اوہناں پھر سانجھا پنجاب کر کے ترن دی ہمت کیتی ہے ؛ سو اس گلّ لئی میں آصف جی نوں تہہ دلوں مبارک دیندی ہاں ۔ تے احد نوں سانجھا پنجاب اس لئی وی چنگا لگدا ہے کہ اس راہیں دوہاں پنجاب دے لیکھک تے پڑھن والے لوک وی اک دوجے دے نیڑ ے آؤندے نے ۔ اتے میں ایہہ گلّ مندی ہاں کہ اوہ ٹھیک آکھدا ہے ۔
احد
نوں میں کجھ سوال لکھ کے بھیجدی ہاں تے
اوہ اوہناں دا جواب لکھ بھیجدا ہے ، تے
آکھدا ہے ، ” تسیں میرے بارے لکھنا
چاہندے ہو تاں لکھو پر ہور بہت لوک نے جو
پنجابی بارے بہت ودھیا کم کر رہے نے ،
اوہناں دے مقابلے وچ میں تے کجھ وی نہیں ۔
” پڑھ کے سوچدی ہاں اوہ کنا مِٹیا ہویا ہے
؛ چنگے لوکاں دا ایہی تاں سہپن ہندا ہے ۔
اس نال گلّ کردی ہاں ، شہد بھری مٹھی آواز
– اس طرحاں لگیا جویں اسیں اک کھلے ویہڑے
وچ ، ٹھنڈی ٹھنڈی ہوا وچ نمّ دے رکھ تھلے
بیٹھے گلاں کر رہے ہوئیے ۔ اس دی بولی تے
لہجہ تہانوں تپاک نال گلوکڑی پاؤندا ہے ۔
تے اینی سوہنی پنجابی اس دی سن کے میں
حیران رہِ جاندی ہاں ۔ ایہہ نیڑ محسوس
کیوں ہووے وی نہ ؟ اوہ خود رندھاوا ہے ، اس
دے نانکے گلّ نے تے اس دی جیون ساتھن
ریاڑاں دی دھی ۔ اس دا ایہہ ویروا پڑھ کے
ادھرلے کئی پنجابیاں دے خون وچ ضرور کوئی
لہر اٹھی ہوویگی تے جد تسیںاحد دی مٹھی
پنجابی سندے ہو تاں شاید ہی کوئی پنجابی
ہووے جس دی روح نوں کوئی دھو نہ پیندی
ہووے ۔
عہد دے مطلب بارے پچھدی ہاں – تاں آصف جی دسدے ہن کہ عہد دا مطلب ہے ربّ تے اوہ دسدے ہن کہ بلہے شاہ نے کیہا سی ، ” احد تے احمد وچ فرق نہ کوئی ، رتی کو میم مروڑی دا ( تے اک ویر پھر لوک راج جی اس نوں پورا کردے نے ) اک رانجھن مینوں لوڑیندا ۔” سچ مچّ ہی احد اپنے یاراں لئی ربّ ورگا انسان ہے تے پنجاب دا اوہ بلند سپوت ہے جس تے ہر پنجابی مان کر سکدا ہے ۔
اس
ویر میں تھوڑی ہور چھان بین کردی ہاں ،
رندھاویاں بارے پتہ لگدا ہے کہ ایہہ دو
لفظاں ‘ رن ‘ تے ‘ دھاوا ‘ توں بنیا ہے ۔
ظاہر ہے کہ ایہہ لوک یودھیاں چوں ہن ۔
لیپیل گرفن دے مطابق رندھاواں راجپوتاں
توں آئے ہن تے اس قبیلے دا سبھ توں پہلا
بزرگ اج توں 700 سال پہلاں بیکانیر دا وسندا
سی ۔ اس دا ناں جادو سی شاید ۔ اس دیاں اگوں
پشتاں پھر اڈّ اڈّ تھانواں تے جا کے وسّ
گئیاں سن ۔ سکھ اتہاس وچوں اک بہت ہی پوجی
جان والی ہستی بابا بڈھا جی رندھاویاں چوں
سن ؛ جنہاں نوں سکھاں دے پنج گروآں دے
گرگدی ویلے تلک لگاؤن دا سبھاگ ملیا ۔ ( ہور
رندھاوا ہستیاں ہن : مہندر سنگھ رندھاوا جو
پنجاب وچ ترقی لیاؤن دے ذمے وار سن ، مشہور
فلم ایکٹر دارا سنگھ تے افضل احسن رندھاوا
جو اک بہت ہی وڈے تے مشہور لکھاری ہن وی سن
تے ایم. این . اے. وی رہے ہن ؛ تے نمرتا نکی
ہیلی رندھاوا جو اج کل امریکہ دے ساؤتھ
کیرولنا دی گورنر ہے؛ تے ساڈی فیس بک تے ہر
دل نوں چھوہن والی پریت رندھاوا ، جواحد دے
مطابق ساہت وچوں چن چن کے ساڈے لئی موتی
لیاؤندی ہے ۔ ) تے ‘ رندھاوا ‘ لفظ دے
مطابق احد بالکل کھرا اتردا ہے – سچ مچّ ہی
اوہ اک یودھا ہے ۔ احد وڈا ہو کے کالج جاندا ہے ، اتھے اپنے لئی ایہہ نفرت اس نوں ہور وی گوہڑی ہو کے ملدی ہے ۔ میرے پچھن تے اوہ جواب دیندا ہے کہ کالج وچ اس طرحاں وی ہندا سی کہ دوجے منڈے اس ولّ دیکھ کے تھکّ دندے سن ، صرف اس لئی کہ اوہ پنجابی ہے ۔ سن کے میرا اندرلا من کمب جاندا ہے کہ انج کویں ہو سکدا ہے – اینی نفرت کوئی کویں کر سکدا ہے ؟ تے دوجا وی اینی نفرت کویں جھلّ سکدا ہے ؟ سوچدی ہاں اس ویلے دے احد نے ایہہ نفرت تے ااکلاپا کویں جھلے ہون گے ؟ بار بار اس ویلے دااحد میں اپنے تصور وچّ لیاؤندی ہاں کہ تھکن والے دیاں اکھاں وچ اس نے کیہی نفرت تکی ہونی ہے ۔ اینی نفرت سہن دے باو جود وی اوہ نارمل رہا، اس دا اثر اس نے خود تے ہون نہیں دتا ۔ ایہہ سوچ کے میرے من وچّ اس لئی عزت ہور وی ودھ جاندی ہے ۔ اوہ دوجیاں نوں پیار دیندا ہے تے اوہناں توں اینا ہی پیار لیندا ہے ۔ شاید پیارے جان تے اپنائے جان دی بھکھ صدقہ اج اس دے سینکڑے دوست نے جو اس نوں چاہندے نے ؛ تاں ہی تاں تیجی گلّ اس بارے آکھدا ہے کہ اوہ ” یاراں دا یار ” ہے ۔ احد
اگے گلّ توردا ہے کہ کالج دے دناں وچّ کوئی
پنجابی بزنس مین شہید کر دتا گیا سی -ایہہ
گلّ سن کے مینوں عجیب لگدی ہے کہ پنجابیاں
دے بہوگنتی والے پاکستان وچّ اینی آسانی
نال کوئی مار دتا جاندا ہے صرف اس لئی کہ
اوہ پنجابی ہے ؛ ظاہر ہے کہ اس ویلے احد نوں
اک نواں جوش آیا ہووےگا ۔ تے اس نے سوچیا
ہووےگا کہ ہن ایہہ موقعہ چپّ رہن دا نہیں
بلکہ کھڑے ہون دا ہے تے احد نے پہلی وار اس
آدمی دی شہادت تے سٹیج آ کے سمبھالی تے
اپنے دل دا بھار ہولا کیتا ۔ احد دسدا ہے کہ
اوہ دن گیا تے پھر اس نے پچھے مڑ کے نہیں
دیکھیا ۔احد رندھاوا اپنے خود لئی، اپنیاں
آؤن والیاں نسلاں لئی، تے پنجابیاں دے
حقاں لئی کھڑا ہو گیا ۔ احد
نوں پچھدی ہاں ، ” توں 47 دی ونڈ بارے توں کی
سوچدا ہے ؟ ” اس دے خیال وچّ 47 دی ونڈ دا
سبھ توں وڈا نقصان پنجابیاں نال ہویا ہے ۔
باقی قوماں نے تاں دوہیں پاسیں ونڈ دے
فائدے ہی چکے ہن پر پنجابی نے گوایا ہی
گوایا ہے تے اوہ شکوے نال آکھدا ہے کہ ایہہ
دھروہ دوہیں پاسیں پنجابیاں نال اجے وی چل
رہا ہے ۔ ہن وقت آ گیا ہے کہ ایہہ دھروہ بند
ہونا چاہیدا ہے ، تے ایہہ کم اسیں خود ہی
اپنے لئی کرنا ہے ، کسے دوسرے نے ساڈے لئی
ایہہ کم کرن نہیں آؤنا ۔ احد
ایہہ دو ہفتے میں تیرے بارے سوچدی رہی ہاں
، اسیں اتہاس دے کسے ہیرو بارے پڑھدے ہاں
تاں سوچدی ہاں ، ‘اوہ سن’ تے اڈّ اڈّ
طریقیاں نال اوہناں دیاں دیناں ہن ، پر
مینوں لگدا ہے کی توں وی اوہناں نالوں کتے
گھٹّ نہیں ۔ شاید اسے طرحاں ہی اتہاس بندا
ہے ۔ احد میں 400 میل لمی ڈرائیو کر کے لاس
اینجلس کول اپنے ڈاکٹر نوں ملن جاندی ہاں ،
رستے وچ نال بیٹھی نونیت نال گلاں کردی ہاں
، گانے سندی ہاں ، ڈاکٹر تو کم کرواندی ہاں
، دو ہور سہیلیاں نال میں کھانا کھان جاندی
ہاں ، اسیں گلاں کردے ہاں پر اپنے من وچ میں
تیری زندگی نوں بار بار فلم وانگ گھما پھرا
کے ویکھدی ہاں ، سوچاں دی اک لمی دھار میرے
نال نال چل رہی ہے ، تیرا سارا جیون ، بچپن
توں لے کے ہن تکّ جھلی ہوئی نفرت ، نفرت جو
صرف اس لئی ہے کی توں پنجابی ہیں ۔ ایہہ وی
کوئی گلّ ہوئی دوستا ! کہ تسیں اپنے ہی ملک
وچ ، آزاد ملک وچّ پنجابی ہون دا سنتاپ
ہنڈھاوو ۔ سچ پچھے تاں ایہہ کجھ دن میں
تیرا سنتاپ تیرے نال اپنے پنڈے تے وی
ہنڈھایا ہے تے پھر مینوں بہت ڈر لگدا ہے
بہت ڈر ، ساڈے دوہیں پاسیوں گندیاں چالاں
چلن والیاں سرکاراں توں ….. پرجد میں تیرے
ہسدے چہرے ولّ دیکھدی ہاں تاں سوچدی ہاں کہ
ہسدا کھیڈدا احد ، یاراں نال یاریاں
پگاؤندا احد ، تاں لگدا ہے کہ آؤن والے کل
کول کجھ روشنی ورگی چیز وی ہے ۔ دوہاں پنجاباں نوں اج اس رانجھن دی لوڑ ہے ! آمین
ਅਹਦ
ਰੰਧਾਵਾ
ਇਸ ਵੇਰ ਅਹਦ ਨਾਲ
ਮੈਂ ਗੱਲ ਆਸਿਫ਼ ਜੀ ਦੇ ਸਾਂਝਾ
ਪੰਜਾਬ ਤੋਂ ਤੋਰਦੀ ਹਾਂ , ਜਾਨਣਾ
ਚਾਹੁੰਦੀ ਹਾਂ ਕਿ ਆਸਿਫ਼ ਜੀ ਜੋ
ਇੰਨੀ ਮਿਹਨਤ ਕਰਦੇ ਹਨ – ਉਹ
ਕਿਥੋਂ ਤੱਕ ਕਾਮਯਾਬ ਹਨ
ਆਪਣੇ ਮਕਸਦ ਵਿਚ ?
ਕਿਵੇਂ ਉਹ ਲੋਹੇ
ਦੀ ਕੰਡਿਆਲੀ ਬਾੜ ਦੇ ਦੋਹਾਂ
ਪਾਸਿਓਂ ਤੋਂ ਪੰਜਾਬੀਆਂ ਨੂੰ
ਜੋੜਦੇ ਹਨ – ਆਪਣੀ ਜਸਟਿਸ ਵਜੋਂ
ਜੁੰਮੇਵਾਰ ਨੌਕਰੀ ਤੋਂ ਸਮਾਂ
ਕੱਢ ਕੇ ਲਿਖਤਾਂ ਦੋਹਾਂ ਲਿਪੀਆਂ
ਵਿਚ ਲਾਉਂਦੇ ਹਨ ਤਾਂ ਅਹਦ
ਆਖਦਾ ਹੈ ਕੀ ਉਹ ਆਸਿਫ਼ ਜੀ ਦੇ ਇਸ
ਕੰਮ ਤੋਂ ਬੇਹੱਦ ਮੁਤਾਸਿਰ ਹੈ ।
ਉਸ ਦੇ ਅਨੁਸਾਰ ਇਹ ਇੱਕ ਅਹਿਮ ਕੰਮ
ਹੈ ਜੋ ਆਸਿਫ਼ ਜੀ ਕਰ ਰਹੇ ਨੇ । 7 – 8
ਮਹੀਨਿਆਂ ਤੋਂ ਉਹ ਇਸ ਨਾਲ ਜੁੜਿਆ
ਹੋਇਆ ਹੈ ਤੇ ਕਿਵੇਂ ਉਸ ਦੇ ਕਿੰਨੇ
ਹੀ ਸੰਗੀ ਬੇਲੀ ਵੀ ਸਾਂਝਾ ਪੰਜਾਬ
ਨਾਲ ਜੁੜ ਗਏ ਨੇ । ਉਸ ਨੂੰ ਇਹ ਇੱਕ
ਜ਼ਬਰਦਸਤ ਪਲੇਟਫਾਰਮ ਲਗਦਾ ਹੈ
ਜੋ ਪੰਜਾਬੀਆਂ ਨੂੰ ਬਹੁਤ ਚੰਗੀ
ਤਰ੍ਹਾਂ ਜੋੜ ਵੀ ਰਿਹਾ ਹੈ ਤੇ ਹੋਰ
ਵੀ ਜੋੜ ਸਕਦਾ ਹੈ । ਉਸ ਦੇ ਖਿਆਲ
ਵਿਚ ਇਹ ਬਹੁਤ ਮੋਟੀਵੇਸ਼ਨਲ ਹੈ । ਉਸ ਅਨੁਸਾਰ ਉਹ ਲੋਕ ਜੋ ਕਿ ਮਾਂ
ਬੋਲੀ ਦੀ ਲੜਾਈ ਵਿਚ ਉਸ ਦੇ ਕਈ
ਸੰਗੀ ਸਾਥੀ ਜੋ ਥੱਕ ਕੇ ਬੈਠ ਗਏ
ਸਨ ਉਨ੍ਹਾਂ ਫਿਰ ਸਾਂਝਾ ਪੰਜਾਬ
ਕਰ ਕੇ ਤੁਰਨ ਦੀ ਹਿੰਮਤ ਕੀਤੀ
ਹੈ ; ਸੋ ਇਸ ਗੱਲ ਲਈ ਮੈਂ ਆਸਿਫ਼ ਜੀ
ਨੂੰ ਤਹਿ ਦਿਲੋਂ ਮੁਬਾਰਕ ਦਿੰਦੀ
ਹਾਂ । ਤੇ ਅਹਦ ਨੂੰ ਸਾਂਝਾ
ਪੰਜਾਬ ਇਸ ਲਈ ਵੀ ਚੰਗਾ ਲੱਗਦਾ ਹੈ
ਕਿ ਇਸ ਰਾਹੀਂ ਦੋਹਾਂ ਪੰਜਾਬ ਦੇ
ਲੇਖਕ ਤੇ ਪੜ੍ਹਨ ਵਾਲੇ ਲੋਕ ਵੀ
ਇੱਕ ਦੂਜੇ ਦੇ ਨੇੜ ਆਓਂਦੇ ਨੇ । ਅਤੇ
ਮੈਂ ਇਹ ਗੱਲ ਮੰਨਦੀ ਹਾਂ ਕਿ ਉਹ
ਠੀਕ ਆਖਦਾ ਹੈ ।
ਅਹਦ ਨੂੰ ਮੈਂ
ਕੁਝ ਸੁਆਲ ਲਿਖ ਕੇ ਭੇਜਦੀ ਹਾਂ ਤੇ
ਉਹ ਉਨ੍ਹਾਂ ਦਾ ਜੁਆਬ ਲਿਖ ਭੇਜਦਾ
ਹੈ , ਤੇ ਆਖਦਾ ਹੈ , ” ਤੁਸੀਂ ਮੇਰੇ
ਬਾਰੇ ਲਿਖਣਾ ਚਾਹੁੰਦੇ ਹੋ ਤਾਂ
ਲਿਖ ਲਓ ਪਰ ਹੋਰ ਬਹੁਤ ਲੋਕ ਨੇ ਜੋ
ਪੰਜਾਬੀ ਬਾਰੇ ਬਹੁਤ ਵਧੀਆ ਕੰਮ
ਕਰ ਰਹੇ ਨੇ , ਉਨ੍ਹਾਂ ਦੇ
ਮੁਕਾਬਲੇ ਵਿਚ ਮੈਂ ਤੇ ਕੁਝ ਵੀ
ਨਹੀਂ । ” ਪੜ੍ਹ ਕੇ ਸੋਚਦੀ ਹਾਂ
ਉਹ ਕਿੰਨਾ ਨਿਮਰ ( ਹੰਬਲ ) ਹੈ ;
ਚੰਗੇ ਲੋਕਾਂ ਦਾ ਇਹੀ ਤਾਂ
ਸੁੱਹਪਣ ਹੁੰਦਾ ਹੈ । ਉਸ ਨਾਲ ਗੱਲ
ਕਰਦੀ ਹਾਂ , ਸ਼ਹਿਦ ਭਰੀ ਮਿੱਠੀ
ਆਵਾਜ਼ – ਇਸ ਤਰ੍ਹਾਂ ਲੱਗਿਆ
ਜਿਵੇਂ ਅਸੀਂ ਇੱਕ ਖੁਲ੍ਹੇ
ਵਿਹੜੇ ਵਿਚ , ਠੰਡੀ ਠੰਡੀ ਹਵਾ
ਵਿਚ ਨਿੰਮ ਦੇ ਰੁੱਖ ਥੱਲੇ ਬੈਠੇ
ਗੱਲਾਂ ਕਰ ਰਹੇ ਹੋਈਏ । ਉਸ ਦੀ
ਬੋਲੀ ਤੇ ਲਹਿਜ਼ਾ ਤੁਹਾਨੂੰ
ਤਪਾਕ ਨਾਲ ਗਲਵਕੜੀ ਪਾਉਂਦਾ ਹੈ ।
ਤੇ ਇੰਨੀ ਸੁਹਣੀ ਪੰਜਾਬੀ ਉਸ ਦੀ
ਸੁਣ ਕੇ ਮੈਂ ਹੈਰਾਨ ਰਹਿ ਜਾਂਦੀ
ਹਾਂ । ਇਹ ਨੇੜਤਾ ਮਹਿਸੂਸ ਕਿਓਂ
ਹੋਵੇ ਵੀ ਨਾ ? ਉਹ ਖੁਦ ਰੰਧਾਵਾ
ਹੈ , ਉਸ ਦੇ ਨਾਨਕੇ ਗਿੱਲ ਨੇ ਤੇ ਉਸ
ਦੀ ਜੀਵਨ ਸਾਥਣ ਰਿਆੜਾਂ ਦੀ ਧੀ ।
ਉਸ ਦਾ ਇਹ ਵੇਰਵਾ ਪੜ੍ਹ ਕੇ
ਇਧਰਲੇ ਕਈ ਪੰਜਾਬੀਆਂ ਦੇ ਖੂਨ
ਵਿਚ ਜਰੂਰ ਕੋਈ ਲਹਿਰ ਉਠੀ
ਹੋਵੇਗੀ ਤੇ ਜਦ ਤੁਸੀਂ ਅਹਦ ਦੀ
ਮਿੱਠੀ ਪੰਜਾਬੀ ਸੁਣਦੇ ਹੋ ਤਾਂ
ਸ਼ਾਇਦ ਹੀ ਕੋਈ ਪੰਜਾਬੀ ਹੋਵੇ
ਜਿਸ ਦੀ ਰੂਹ ਨੂੰ ਕੋਈ ਧੂ ਨਾ
ਪੈਂਦੀ ਹੋਵੇ । ਇਸ ਵੇਰ ਮੈਂ
ਥੋੜ੍ਹੀ ਹੋਰ ਛਾਣ ਬੀਣ ਕਰਦੀ ਹਾਂ
, ਰੰਧਾਵਿਆਂ ਬਾਰੇ ਪਤਾ ਲੱਗਦਾ ਹੈ
ਕਿ ਇਹ ਦੋ ਲਫਜ਼ਾਂ ‘ ਰਣ ‘ ਤੇ ‘
ਧਾਵਾ ‘ ਤੋਂ ਬਣਿਆ ਹੈ । ਜ਼ਾਹਿਰ
ਹੈ ਕਿ ਇਹ ਲੋਕ ਯੋਧਿਆਂ ਚੋਂ ਹਨ ।
ਲੇਪੇਲ ਗ੍ਰਿਫ਼ਿਨ ਦੇ
ਮੁਤਾਬਿਕ ਰੰਧਾਵਾਂ ਰਾਜਪੂਤਾਂ
ਤੋਂ ਆਏ ਹਨ ਤੇ ਇਸ ਕਬੀਲੇ ਦਾ
ਸਭ ਤੋਂ ਪਹਿਲਾ ਪੂਰਵਜ ਅੱਜ ਤੋਂ 700
ਸਾਲ ਪਹਿਲਾਂ ਬੀਕਾਨੇਰ ਦਾ
ਵਸਿੰਦਾ ਸੀ । ਉਸ ਦਾ ਨਾਂ ਜਾਦੋ
ਸੀ ਸ਼ਾਇਦ । ਉਸ ਦੀਆਂ ਅੱਗੋਂ
ਪੁਸ਼ਤਾਂ ਫਿਰ ਅੱਡ ਅੱਡ ਥਾਂਵਾਂ
ਤੇ ਜਾ ਕੇ ਵੱਸ ਗਈਆਂ ਸਨ । ਸਿੱਖ
ਇਤਿਹਾਸ ਵਿਚੋਂ ਇਕ ਬਹੁਤ ਹੀ
ਪੂਜੀ ਜਾਣ ਵਾਲੀ ਹਸਤੀ ਬਾਬਾ
ਬੁੱਢਾ ਜੀ ਰੰਧਾਵਿਆਂ ਚੋਂ ਸਨ ;
ਜਿਨ੍ਹਾਂ ਨੂੰ ਸਿੱਖਾਂ ਦੇ ਪੰਜ
ਗੁਰੂਆਂ ਦੇ ਗੁਰਗੱਦੀ ਵੇਲੇ
ਤਿਲਕ ਲਗਾਉਣ ਦਾ ਸੁਭਾਗ ਮਿਲਿਆ ।
( ਹੋਰ ਰੰਧਾਵਾ ਹਸਤੀਆਂ ਹਨ :
ਮੋਹਿੰਦਰ ਸਿੰਘ ਰੰਧਾਵਾ ਜੋ
ਪੰਜਾਬ ਵਿਚ ਹਰੀ ਕ੍ਰਾਂਤੀ
ਲਿਆਉਣ ਦੇ ਜੁੰਮੇਵਾਰ ਸਨ ,
ਮਸ਼ਹੂਰ ਫਿਲਮ ਐਕਟਰ ਦਾਰਾ ਸਿੰਘ
ਤੇ ਅਫ਼ਜ਼ਲ ਅਹਸਾਨ ਰੰਧਾਵਾ ਜੋ
ਇਕ ਬਹੁਤ ਹੀ ਵੱਡੇ ਤੇ ਮਸ਼ਹੂਰ
ਲਿਖਾਰੀ ਵੀ ਸਨ ਤੇ ਐਮ. ਐਲ. ਏ. ਵੀ
ਰਹੇ ਹਨ ; ਤੇ ਨਿਮਰਤਾ ਨਿੱਕੀ
ਹੇਲੀ ਰੰਧਾਵਾਂ ਜੋ ਅੱਜ ਕਲ
ਅਮਰੀਕਾ ਦੇ ਸਾਊਥ ਕੈਰੋਲਿਨਾ ਦੀ
ਗਵਰਨਰ ਹੈ; ਤੇ ਸਾਡੀ ਫੇਸਬੁਕ ਤੇ
ਹਰ ਦਿਲ ਨੂੰ ਛੂਹਣ ਵਾਲੀ ਪ੍ਰੀਤ
ਰੰਧਾਵਾਂ , ਜੋ ਅਹਦ ਦੇ ਮੁਤਾਬਿਕ
ਸਾਹਿਤ ਵਿਚੋਂ ਚੁਣ ਚੁਣ ਕੇ ਸਾਡੇ
ਲਈ ਮੋਤੀ ਲਿਆਉਂਦੀ ਹੈ । )
ਤੇ ‘ ਰੰਧਾਵਾਂ ‘ ਲਫਜ਼ ਦੇ
ਮੁਤਾਬਿਕ ਅਹਦ ਬਿਲਕੁਲ ਖਰ੍ਹਾ
ਉੱਤਰਦਾ ਹੈ – ਸੱਚਮੁੱਚ ਹੀ ਉਹ
ਇੱਕ ਯੋਧਾ ਹੈ । ਅਹਦ ਲਿਖਦਾ ਹੈ , ” ਮੇਨੂੰ ਲਿਖਣਾ ਨਹੀਂ ਆਓਂਦਾ , ਖੈਰ ਜੋ ਵੀ ਪੁੱਠਾ ਸਿੱਧਾ ਆਓਂਦਾ ਹੈ , ਉਹ ਦਸਦਾ ਹਾਂ, ” ਤੇ ਮੈਂ ਸੋਚਦੀ ਹਾਂ ਦੀਵਾਨਿਆਂ ਤੇ ਆਸ਼ਿਕਾਂ ਦੇ ਰਾਹ ਕਦ ਸਿੱਧੇ ਹੁੰਦੇ ਨੇ – ਉਹ ਤਾਂ ਹਮੇਸ਼ਾਂ ਨਵੀਆਂ ਰਾਹਾਂ ਤੇ ਪਗਡੰਡੀਆਂ ਲੱਭਦੇ ਨੇ, ਉਹ ਬਣੇ ਬਣਾਏ ਰਸਤਿਆਂ ਤੇ ਨਹੀਂ ਤੁਰਦੇ ਤੇ ਇਹੀ ਉਨ੍ਹਾਂ ਦੀ ਪਛਾਣ ਹੈ । ਤੇ ਅਹਦ ਤਾਂ ਸ਼ੁਦਾਈ ਏ , ਆਪਣੇ ਕਲਚਰ ਲਈ , ਬੋਲੀ ਲਈ ਤੇ ਆਪਣੇ ਟੀਚੇ ਲਈ । ਕਦੀ ਕਦੀ ਅਹਦ ਦੇ ਦੋਸਤਾਂ ਨੂੰ ਅਹਦ ਦੇ ਇਸ ਇਸ਼ਕ ਦੀ ਸਮਝ ਨਹੀਂ ਆਓਂਦੀ । ਭਾਵੇਂ ਉਸ ਦੇ ਬਜ਼ੁਰਗਾਂ ਤੇ ਪੁਰਖਾਂ ਦਾ ਪੇਸ਼ਾ ਜ਼ਿੰਮੀਦਾਰੀ ਹੀ ਰਿਹਾ ਹੈ , ਤੇ ਹੁਣ ਵੀ ਹੈ , ਪਰ ਅਹਦ ਇਲੌਕਟਰੋਨਿਕ ਇੰਨਜੀਨੀਅਰ ਹੈ – ਤੇ ਸਰਕਾਰੀ ਨੌਕਰੀ ਕਰਦਾ ਹੈ । ਅਹਦ ਚਾਰ ਭਰਾਵਾਂ ਚੋਂ ਸਭ ਤੋਂ ਛੋਟਾ ਹੈ ; ਉਹ ਦਸਦਾ ਹੈ ਕੀ ਉਨ੍ਹਾਂ ਦੇ ਵੱਡੇ ਵਡੇਰੇ ਗੁਰਦਾਸਪੁਰ ਜ਼ਿਲ੍ਹੇ ਵਿਚ ਧਰਮਕੋਟ ਰੰਧਾਵਾ ਪਿੰਡ ਤੋਂ ਸਨ ਜੋ 1892 ਵਿਚ ਸਿੰਧ ਜਾ ਕੇ ਵੱਸ ਗਏ । ਜੋ ਲੋਕ ਉੱਥੇ ਜਾ ਕੇ ਵਸੇ ਉਹ ਹਿੰਦੂ , ਸਿੱਖਾਂ, ਤੇ ਮੁਸਲਮਾਨਾਂ ਦੀ ਰਲਵੀਂ ਮਿਲਵੀਂ ਆਬਾਦੀ ਸੀ । ਉਸ ਦੇ ਪੁਰਖੇ ਭਾਵੇਂ ਸਿੰਧ ਵਿਚ ਜਾ ਕੇ ਵੱਸ ਗਏ ਪਰ ਉਨ੍ਹਾਂ ਨੇ ਸਿਆਲਕੋਟ ਤੇ ਗੁਰਦਾਸਪੁਰ ਆਪਣਾ ਆਉਣਾ ਜਾਣਾ ਜਾਰੀ ਰਖਿੱਆ । 47 ਦੀ ਵੰਡ ਤੋਂ ਬਾਦ ਹਿੰਦੂ ਤੇ ਸਿੱਖ ਤਾਂ ਭਾਰਤ ਆ ਗਏ ਤੇ ਮੁਸਲਮਾਨ ਉੱਥੇ ਹੀ ਰਹਿ ਗਏ । ਪਰ ਵੰਡ ਤੋਂ ਬਾਦ ਉਨ੍ਹਾਂ ਨੂੰ ਨਫਰਤ ਨਾਲ ਦੇਖਿਆ ਗਿਆ । ਅਹਦ ਰੰਜਿਸ਼ ਨਾਲ ਆਖਦਾ ਹੈ ਕਿ ਇਸ ਦੁੱਖਦਾਈਵੰਡ ਨੇ ਉਨ੍ਹਾਂ ਤੋਂ ਗੁਰਦਾਸਪੁਰ ਹਮੇਸ਼ਾ ਲਈ ਖੋਹ ਲਿਆ ਜਿੱਥੇ ਉਨ੍ਹਾਂ ਦੇ ਵੱਡੇ ਵਡੇਰਿਆਂ ਦੀਆਂ ਜੜ੍ਹਾਂ ਸਨ । ਸਿੰਧ ਵਿਚ ਅੱਖਾਂ ਖੁਲਦਿਆਂ ਹੀ ਉਸ ਨੇ ਆਪਣੇ ਆਸੇ ਪਾਸੇ ਲੋਕਾਂ ਦੀਆਂ ਨਜ਼ਰਾਂ ਵਿਚ ਆਪਣੇ ਲਈ ਨਫ਼ਰਤ ਹੀ ਵੇਖੀ । ਮੈਂ ਪੁੱਛਦੀ ਹਾਂ , ” ਕੀ ਕੋਈ ਖਾਸ ਗੱਲ ਯਾਦ ਹੈ ਇਸ ਸਿਲਸਿਲੇ ਵਿੱਚ ? ” ਉਹ ਦਸਦਾ ਹੈ ਕਿ ਉਹ ਸਕੂਲ ਵਿਚ ਵਾਲੀਬਾਲ ਟੀਮ ਦਾ ਕਪਤਾਨ ਸੀ । ਬਾਕੀ ਸਾਰੇ ਖਿਡਾਰੀ ਸਿੰਧੀ ਸਨ ਤੇ ਉਹ ਇੱਕਲਾ ਪੰਜਾਬੀ । ਤੇ ਉਸ ਦੀ ਟੀਮ ਕੋਈ ਮੈਚ ਹਾਰ ਗਈ । ਸਾਰਿਆਂ ਨੇ ਇਸ ਹਾਰ ਦਾ ਜੁੰਮੇਵਾਰ ਉਸ ਨੂੰ ਠਹਿਰਾਇਆ ਕਿ ਇਸ ਮਨਹੂਸ ਪੰਜਾਬੀ ਦੀ ਵਜਹ ਕਰ ਕੇ ਅਸੀਂ ਇਹ ਮੈਚ ਹਾਰ ਗਏ । ਇਸ ਘਟਨਾ ਦਾ ਉਸ ਦੇ ਮਨ ਤੇ ਗਹਿਰਾ ਅਸਰ ਹੋਇਆ ; ਸੋਚਦੀ ਹਾਂ ਜੁਆਨ ਹੋ ਰਹੇ ਮੁੰਡੇ ਦੇ ਦਿਲ ਨੂੰ ਉਸ ਵੇਲੇ ਕਿੰਨੀ ਸੱਟ ਲੱਗੀ ਹੋਵੇਗੀ ਇਸ ਗੱਲ ਦੀ ? ਸੋਚ ਸੋਚ ਮੈਂ ਥੱਕ ਜਾਂਦੀ ਹਾਂ ਕਿ ਕਿਵੇਂ ਲੱਗਿਆ ਹੋਵੇਗਾ ਉਸ ਨੂੰ ਉਸ ਪਲ ? ਉਸ ਮੁਤਾਬਿਕ ਪੰਜਾਬੀਆਂ ਦਾ ਕਿਡਨੈਪ ਹੋ ਜਾਣਾ ਇਕ ਮਾਮੂਲੀ ਗੱਲ ਸੀ । ਉਹ ਅੱਗੋਂ ਦਸਦਾ ਹੈ ਕਿ ਜਦ ਉਸ ਨੇ ਸਕੂਲ ਜਾਣਾ ਸ਼ੁਰੂ ਕੀਤਾ ਤਾਂ ਉਸ ਨੂੰ ਇੰਜ ਮਹਿਸੂਸ ਹੋਇਆ ਸੀ ਜਿਵੇਂ ਕਿ ਉਹ ਕਿਸੇ ਦੁਸ਼ਮਨ ਦੇਸ਼ ਵਿਚ ਆ ਗਿਆ ਹੋਵੇ । ਸਕੂਲ ਵਿਚ ਪੰਜਾਬੀ ਹੋਣਾ ਇੱਕ ਗਾਹਲ ਸਮਝਿਆ ਜਾਂਦਾ ਸੀ । ਨਿੱਕੀ ਉਮਰੇ ਪੰਜਾਬੀ ਤੇ ਪੰਜਾਬੀਆਂ ਨਾਲ ਇਹ ਧ੍ਰੋਹ ਹੁੰਦਾ ਦੇਖ ਕੇ ਉਸ ਦਾ ਦਿਲ ਬੜਾ ਸੜਦਾ ਸੀ । ਅਹਦ ਦਸਦਾ ਹੈ ਕਿ ਜਦ ਉਹ ਚੋਹਾਂ ਪਾਸਿਓਂ ਤੋਂ ਆਪਣੇ ਲਈ ਨਫ਼ਰਤ ਦੇਖਦਾ ਸੀ ਤਾਂ ਇਸ ਨਫਰਤ ਬਾਰੇ ਆਪਣੇ ਮਾਪਿਆਂ ਤੋਂ ਸੁਆਲ ਪੁੱਛਦਾ ਸੀ । ਜ਼ਾਹਰ ਹੈ ਕਿ ਉਸ ਦੇ ਮਾਂ ਬਾਪ ਕੋਲ ਦੁੱਖੀ ਬੱਚੇ ਦੇ ਮੂੰਹੋਂ ਨਿਕਲੇ ਇਨ੍ਹਾਂ ਸੁਆਲਾਂ ਦਾ ਕੋਈ ਜੁਆਬ ਨਹੀਂ ਸੀ । ਉਸ ਦੇ ਬਾਲ ਮਨ ਵਿਚ ਇਹ ਸੁਆਲ ਚੌਵੀ ਘੰਟੇ ਘੁੰਮਦਾ ਰਹਿੰਦਾ ਸੀ ਕਿ ਇਹ ਨਫਰਤ ਕਿਓਂ ? ਉਸ ਨੂੰ ਕੁਝ ਸਮਝ ਨਹੀਂ ਸੀ ਆਓਂਦੀ । ਉਸ ਦੀ ਇਹ ਗੱਲ ਸੁਣ ਕੇ ਮੇਨੂੰ ਵੀ ਇਹ ਖਿਆਲ ਆਓਂਦਾ ਹੈ ਤੇ ਮੈਂ ਆਪਣੇ ਆਪ ਤੋਂ ਵੀ ਤੇ ਇਤਿਹਾਸ ਤੋਂ ਇਹ ਸੁਆਲ ਪੁੱਛਦੀ ਹਾਂ ਕਿ ਇਹ ਵੰਡ ਬੋਲੀ ਦੇ ਅਧਾਰ ਤੇ ਨਹੀਂ ਹੋਈ ਸੀ ; ਉਹ ਸਾਥੋਂ ਵੱਖ ਹੋ ਗਏ ਸਨ ਜਾਂ ਅਸੀਂ ਜਾਂ ਸਾਡੇ ਰਾਜਸੀ ਆਗੂ ਕੁਰਸੀ ਦੀ ਭੁੱਖ ਵਿਚ ਵੱਖ ਹੋਣ ਦਾ ਫੈਸਲਾ ਕਰ ਬੈਠੇ । ਰੱਬ ਜਾਣੇ ਇਹ ਕਿ ਇੰਜ ਕਿਓਂ ਹੋਇਆਂ , ਕਿਸ ਨੂੰ ਜੁੰਮੇਵਾਰ ਠਹਿਰਾਈਏ ਪਰ ਇਹ ਤਾਂ ਪੱਕਾ ਹੈ ਕਿ ਆਦਮੀ ਧਰਮ ਦੀ ਆੜ ਵਿਚ ਸਭ ਸੁੱਧ ਬੁੱਧ ਗੁਆ ਬੈਠਾ । ਉਸ ਵੇਲੇ ਉਹ ਸਭ ਆਪਣੇ ਆਪ ਨੂੰ ਮੁਸਲਮਾਨ ਸਮਝ ਬੈਠੇ ਤੇ ਅਸੀਂ ਸ਼ਾਇਦ ਖੁਦ ਨੂੰ ਹਿੰਦੂ ਤੇ ਸਿੱਖ । ਉਨ੍ਹਾਂ ਨੂੰ ਇਹ ਲੱਗਿਆ ਕਿ ਉਹ ਸਾਰੇ ਸ਼ਾਇਦ ਇਸਲਾਮ ਦੇ ਨਾਂ ਹੇਠ ਸਭ ਇੱਕ ਹਨ । ਹੁਣ ਮਨ ਦੀ ਸਤਹ ਤੇ ਇਹ ਸੁਆਲ ਬਾਰ ਬਾਰ ਸਿਰ ਚੁੱਕਦਾ ਹੈ ਕਿ ਜੇ ਉਹ ਸਾਰੇ ਇਸਲਾਮ ਦੇ ਝੰਡੇ ਥੱਲੇ ਇੱਕ ਹਨ ਤਾਂ ਫਿਰ ਸਿੰਧੀਆਂ ਤੇ ਬਲੋਚੀਆਂ ਦੀ ਆਪਣੇ ਪੰਜਾਬੀ ਭਰਾਵਾਂ ਜੋ ਮੁਸਲਮਾਨ ਹੀ ਹਨ , ਨਾਲ ਬੋਲੀ ਦੇ ਅਧਾਰ ਤੇ ਇਹ ਦੁਸ਼ਮਨੀ ਕਿਓਂ ? ਇਹ ਸੁਆਲ ਉਦਾਂ ਦਾ ਹੀ ਹੈ ਜਿਵੇਂ ਮੇਨੂੰ 80 ਦੇ ਦਹਾਕੇ ਵਿਚ ਹਿੰਦੂਆਂ ਤੇ ਸਿੱਖ ਲੋਕਾਂ ਦੀ ਮੌਤ ਨਹੀਂ ਸਮਝ ਆਓਂਦੀ ਸੀ ਤੇ ਕਿਸੇ ਕੋਲ ਮੇਰੇ ਸੁਆਲਾਂ ਦਾ ਜੁਆਬ ਨਹੀਂ ਸੀ । ਅਹਦ ਵੱਡਾ ਹੋ ਕੇ ਕਾਲਜ ਜਾਂਦਾ ਹੈ , ਉੱਥੇ ਆਪਣੇ ਲਈ ਇਹ ਨਫਰਤ ਉਸ ਨੂੰ ਹੋਰ ਵੀ ਗੂਹੜੀ ਹੋ ਕੇ ਮਿਲਦੀ ਹੈ । ਮੇਰੇ ਪੁੱਛਣ ਤੇ ਉਹ ਜੁਆਬ ਦਿੰਦਾ ਹੈ ਕਿ ਕਾਲਜ ਵਿਚ ਇਸ ਤਰ੍ਹਾਂ ਵੀ ਹੁੰਦਾ ਸੀ ਕਿ ਦੂਜੇ ਮੁੰਡੇ ਉਸ ਵੱਲ ਦੇਖ ਕੇ ਥੁੱਕ ਦਿੰਦੇ ਸਨ , ਸਿਰਫ ਇਸ ਲਈ ਕਿ ਉਹ ਪੰਜਾਬੀ ਹੈ । ਸੁਣ ਕੇ ਮੇਰਾ ਅੰਦਰਲ ਮਨ ਕੰਬ ਜਾਂਦਾ ਹੈ ਕਿ ਇੰਜ ਕਿਵੇਂ ਹੋ ਸਕਦਾ ਹੈ – ਇੰਨੀ ਨਫਰਤ ਕੋਈ ਕਿਵੇਂ ਕਰ ਸਕਦਾ ਹੈ ? ਤੇ ਦੂਜਾ ਵੀ ਇੰਨੀ ਨਫਰਤ ਕਿਵੇਂ ਝੱਲ ਸਕਦਾ ਹੈ ? ਸੋਚਦੀ ਹਾਂ ਉਸ ਵੇਲੇ ਦੇ ਅਹਦ ਨੇ ਇਹ ਨਫਰਤ ਤੇ ਇੱਕਲਤਾ ਕਿਵੇਂ ਝੱਲੀ ਹੋਵੇਗੀ ? ਬਾਰ ਬਾਰ ਉਸ ਵੇਲੇ ਦਾ ਅਹਦ ਮੈਂ ਆਪਣੇ ਤੱਸਵੁਰ ਵਿੱਚ ਲਿਆਉਂਦੀ ਹਾਂ ਕਿ ਥੁੱਕਣ ਵਾਲੇ ਦੀਆਂ ਅੱਖਾਂ ਵਿਚ ਉਸ ਨੇ ਕੇਹੀ ਨਫਰਤ ਤੱਕੀ ਹੋਣੀ ਹੈ । ਇੰਨੀ ਨਫ਼ਰਤ ਸਹਿਣ ਦੇ ਬਾਵਜੂਦ ਵੀ ਉਹ ਨਾਰਮਲ ਰਿਹਾ, ਇਸ ਦਾ ਅਸਰ ਉਸ ਨੇ ਖੁਦ ਤੇ ਹੋਣ ਨਹੀਂ ਦਿੱਤਾ । ਇਹ ਸੋਚ ਕੇ ਮੇਰੇ ਮਨ ਵਿੱਚ ਉਸ ਲਈ ਇਜ਼ੱਤ ਹੋਰ ਵੀ ਵੱਧ ਜਾਂਦੀ ਹੈ । ਉਹ ਦੂਜਿਆਂ ਨੂੰ ਪਿਆਰ ਦਿੰਦਾ ਹੈ ਤੇ ਉਨ੍ਹਾਂ ਤੋਂ ਉੰਨਾ ਹੀ ਪਿਆਰ ਲੈਂਦਾ ਹੈ । ਸ਼ਾਇਦ ਪਿਆਰੇ ਜਾਣ ਤੇ ਅਪਣਾਏ ਜਾਣ ਦੀ ਭੁੱਖ ਸਦਕਾ ਅੱਜ ਉਸ ਦੇ ਸੈਂਕੜੇ ਦੋਸਤ ਨੇ ਜੋ ਉਸ ਨੂੰ ਚਾਹੁੰਦੇ ਨੇ ; ਤਾਂ ਹੀ ਤਾਂ ਤੇਜੀ ਗਿੱਲ ਉਸ ਬਾਰੇ ਆਖਦਾ ਹੈ ਕਿ ਉਹ ” ਯਾਰਾਂ ਦਾ ਯਾਰ ” ਹੈ । ਅਹਦ ਅੱਗੇ ਗੱਲ ਤੋਰਦਾ ਹੈ ਕਿ ਕਾਲਜ ਦੇ ਦਿਨਾਂ ਵਿੱਚ ਕੋਈ ਪੰਜਾਬੀ ਬਿਜ਼ਨੈਸਮੈਨ ਸ਼ਹੀਦ ਕਰ ਦਿੱਤਾ ਗਿਆ ਸੀ -ਇਹ ਗੱਲ ਸੁਣ ਕੇ ਮੇਨੂੰ ਅਜੀਬ ਲੱਗਦੀ ਹੈ ਕਿ ਪੰਜਾਬੀਆਂ ਦੇ ਬਹੁ - ਗਿਣਤੀ ਵਾਲੇ ਪਾਕਿਸਤਾਨ ਵਿੱਚ ਇੰਨੀ ਆਸਾਨੀ ਨਾਲ ਕੋਈ ਮਾਰ ਦਿੱਤਾ ਜਾਂਦਾ ਹੈ ਸਿਰਫ ਇਸ ਲਈ ਕਿ ਉਹ ਪੰਜਾਬੀ ਹੈ ; ਜ਼ਾਹਰ ਹੈ ਕਿ ਉਸ ਵੇਲੇ ਅਹਦ ਨੂੰ ਇਕ ਨਵਾਂ ਜੋਸ਼ ਆਇਆ ਹੋਵੇਗਾ । ਤੇ ਉਸ ਨੇ ਸੋਚਿਆ ਹੋਵੇਗਾ ਕਿ ਹੁਣ ਇਹ ਮੌਕਾ ਚੁੱਪ ਰਹਿਣ ਦਾ ਨਹੀਂ ਬਲਕਿ ਖੜ੍ਹੇ ਹੋਣ ਦਾ ਹੈ ਤੇ ਅਹਦ ਨੇ ਪਹਿਲੀ ਵੇਰ ਉਸ ਆਦਮੀ ਦੀ ਸ਼ਹਾਦਤ ਤੇ ਸਟੇਜ ਆ ਕੇ ਸੰਭਾਲੀ ਤੇ ਆਪਣੇ ਦਿਲ ਦਾ ਭਾਰ ਹੌਲਾ ਕੀਤਾ । ਅਹਦ ਦਸਦਾ ਹੈ ਕਿ ਉਹ ਦਿਨ ਗਿਆ ਤੇ ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ । ਅਹਦ ਰੰਧਾਵਾ ਆਪਣੇ ਖੁਦ ਲਈ, ਆਪਣੀਆਂਆਉਣ ਵਾਲੀਆਂ ਨਸਲਾਂ ਲਈ, ਤੇ ਪੰਜਾਬੀਆਂ ਦੇ ਹੱਕਾਂ ਲਈ ਖੜ੍ਹਾ ਹੋ ਗਿਆ । ਅਹਦ ਕਰਾਚੀ ਦੇ ਇੰਨਜੀਨਅਰਿੰਗ ਕਾਲਜ ਵਿਚ ਦਾਖਲਾ ਲੈਂਦਾ ਹੈ ਤੇ ਪਹਿਲੀ ਵੇਰ ਉਸ ਨੂੰ ਉੱਥੇ ਇਕ ਮਜ਼ਬੂਤ ਪੜ੍ਹਿਆਂ ਲਿਖਿਆਂ ਪੰਜਾਬੀਆਂ ਦਾ ਪਲੇਟਫਾਰਮ ਮਿਲਦਾ ਹੈ । ਉੱਥੇ ਰਹਿ ਕੇ ਜੋ ਵੀ ਉਸ ਤੋਂ ਹੋ ਸਕਿਆ ਉਸ ਨੇ ਪੰਜਾਬੀ ਬੋਲੀ ਤੇ ਆਪਣੀ ਕੌਮ ਲਈ ਸੇਵਾ ਕੀਤੀ ਪਰ ਇਸ ਸਮੇਂ ਦੌਰਾਨ ਉਸ ਨੂੰ ਕਈ ਪੰਜਾਬੀਆਂ ਸੰਗੀਆਂ ਸਾਥੀਆਂ ਦੀਆਂ ਲਾਸ਼ਾਂ ਵੀ ਆਪਣੇ ਮੋਢਿਆਂ ਤੇ ਢੋਣੀਆਂ ਪਈਆਂ । ਉਹ ਵੇਲੇ ਉਸ ਨੂੰ ਕਿੰਨੇ ਭਿਆਨਕ ਤੇ ਕਹਿਰ ਦੇ ਲੱਗੇ ਹੋਣਗੇ , ਸੋਚਦੀ ਹਾਂ ਤਾਂ ਲੂੰ ਖੜ੍ਹੇ ਹੋ ਜਾਂਦੇ ਨੇ । ਜਿੱਥੇ ਉਸ ਨੇ ਇਨ੍ਹਾਂ ਬੇਲੀਆਂ ਤੇ ਸੱਜਣਾਂ ਦੇ ਵਿਛੋੜੇ ਦਾ ਸਦਮਾ ਝੱਲਿਆ, ਉੱਥੇ ਉਨ੍ਹਾਂ ਦੀ ਇਸ ਸ਼ਹਾਦਤ ਨੇ ਅਹਦ ਨੂੰ ਹੋਰ ਮਜ਼ਬੂਤ ਤੇ ਕਰੜਾ ਕੀਤਾ ਹੋਵੇਗਾ । ਮੇਰੇ ਜ਼ਿਹਨ ਵਿਚ ਸੁਆਲ ਉੱਠਦਾ ਹੈ ਤੇ ਮੈਂ ਪੁੱਛਦੀ ਹਾਂ , ” ਅਹਦ ਤੁਸੀਂ ਪਾਕਿਸਤਾਨ ਵਿਚ ਪੰਜਾਬੀ ਲਈ ਇੰਨ੍ਹਾਂ ਕੰਮ ਕਰਦੇ ਹੋ , ਇੰਨਾ ਰੌਲਾ ਪਾਉਂਦੇ ਹੋ ਤੇ ਤੁਸੀਂ ਬਹੁ – ਗਿਣਤੀ ਵਿੱਚ ਹੋ , ਇੰਨਾ ਕੁਝ ਕਰਨ ਦੇ ਬਾਵਜੂਦ ਵੀ ਕੀ ਕਾਰਨ ਹੈ ਕਿ ਤੁਸੀਂ ਕਾਮਯਾਬ ਨਹੀਂ ਹੋ ਪਾਏ ? ਕਿਓਂ ਨਹੀਂ ਤੁਸੀਂ ਅਜੇ ਤੱਕ ਆਪਣੇ ਮਕਸਦ ਤੇ ਪੁੱਜੇ ? ” ਉਸ ਦਾ ਖਿਆਲ ਹੈ ਕਿ ਸ਼ਾਇਦ ਕਿਸੇ ਪੜਾ ਤੇ ਆ ਕੇ ਬੰਦਾ ਥੱਕ ਜਿਹਾ ਜਾਂਦਾ ਹੈ ਤੇ ਆਪਣੇ ਆਪ ਨੂੰ ਸਮੇਂ ਦੀ ਵਹਿੰਦੀ ਧਾਰ ਦੇ ਹਵਾਲੇ ਕਰ ਦਿੰਦਾ ਹੈ ; ਪਰ ਫਿਰ ਉਹ ਖੁਦ ਬਾਰੇ ਆਖਦਾ ਹੈ ਕਿ ਉਸ ਨੇ ਆਪਣੇ ਆਪ ਨੂੰ ਥੱਕਣ ਨਹੀਂ ਦਿੱਤਾ । ਉਸ ਦੇ ਅਨੁਮਾਨ ਵਿੱਚ ਸਾਂਝਾ ਪੰਜਾਬ ਤੇ ਹੋਰ ਅਜਿਹੇ ਕਈ ਮੰਚ ਲੋਕਾਂ ਨੂੰ ਮੁੜ ਇਸ ਲਹਿਰ ਨਾਲ ਜੋੜ ਰਹੇ ਹਨ ਤੇ ਉਸ ਨੂੰ ਪੂਰਾ ਯਕੀਨ ਹੈ ਕਿ ਇੱਕ ਦਿਨ ਉਹ ਜ਼ਰੂਰ ਕਾਮਯਾਬ ਹੋਣਗੇ । ਇਸ ਸਾਰੇ ਕੁਝ ਵਿੱਚ ਉਹ ਸਾਂਝੇ ਪੰਜਾਬ ਦੀ ਦੇਣ ਤੇ ਰੋਲ ਨੂੰ ਪੂਰੀ ਅਹਿਮੀਅਤ ਦਿੰਦਾ ਹੈ ।
ਇੰਨਜੀਨਅਰਿੰਗ
ਕਾਲਜ ਵਿੱਚ ਅਹਦ ਨੇ ਆਪਣੇ
ਸਾਰੇ ਦਿਨ ਰਾਤ ਪੰਜਾਬੀ ਕੌਮ ਦੇ
ਲੇਖੇ ਲਾ ਦਿੱਤੇ । ਇਸ ਦੌਰਾਨ
ਉਨ੍ਹਾਂ ਦੇ ਗਰੁਪ ਨੇ ਪੰਜਾਬੀ
ਪੜ੍ਹਨ ਵਾਲਿਆਂ ਦੀ ਕਈ ਤਰੀਕਿਆਂ
ਨਾਲ ਮਦਦ ਕੀਤੀ । ਆਪਣੀ ਕੌਮ ,
ਦੇਸ਼ ਤੇ ਮੁਲਕ ਦੀ ਰਖਵਾਲੀ
ਕੀਤੀ ਤੇ ਅਹਦ ਦਸਦਾ ਹੈ ਕਿ ਜੋ ਵੀ
ਉਸ ਨੇ ਆਪਣੀ ਕੌਮ ਤੇ ਲੋਕਾਂ ਲਈ
ਕੀਤਾ, ਉਸ ਦੇ ਬਦਲੇ ਵਿਚ ਉਸ
ਨੂੰ ਲੋਕਾਂ ਤੇ ਦੋਸਤਾਂ ਦਾ
ਬੇਸ਼ੁਮਾਰ ਪਿਆਰ ਨਸੀਬ ਹੋਇਆ ,
ਆਪਣੇ ਹਰ ਕੰਮ ਲਈ ਉਸ ਨੇ ਪਿਆਰ ਹੀ
ਪਿਆਰ ਵੱਟਿਆ ਹੈ । 1990 – 95
ਦੌਰਾਨ ਕਰਾਚੀ ਵਿਚ ਹੀ ਉਸ ਨੇ
ਨਜ਼ੀਰ ਕਾਹੁਤ ਤੇ ਹੋਰਾਂ ਨਾਲ
ਕੰਮ ਕੀਤਾ । ਪੰਜਾਬੀ ਸੁਪ੍ਰੀਮ
ਕੌਂਸਲ ਬਣਾਈ , ਜਿਸ ਵਿੱਚ ਸਾਰੇ
ਪੰਜਾਬੀ ਤਨਜ਼ੀਮਾਂ ਨੂੰ ਇੱਕਠਾ
ਕੀਤਾ ਗਿਆ । ਉਸ ਦੇ ਬਹੁਤ ਸਾਰੇ
ਕੰਮਾਂ ਵਿਚੋਂ ਇਕ ਕੰਮ ਇਹ ਵੀ ਸੀ
ਕਿ ਉਸ ਨੇ ਪੰਜਾਬੀ ਵਿੱਚ ਇਕ
ਅਦਬੀ ਮੈਗਜ਼ੀਨ ਵੀ ਕਢਿੱਆ ਜਿਸ
ਦਾ ਨਾਂ ਹੈ ” ਸੋਹਣੀ ਧਰਤੀ ” –
ਇਹ ਮੈਗਜ਼ੀਨ ਅਜੇ ਵੀ ਉਸ ਦੀ
ਸਰਪ੍ਰਸਤੀ ਵਿੱਚ ਚੱਲ ਰਿਹਾ ਹੈ
। ਉਸ ਨੇ ਕਈ ਮਿਉਜ਼ੀਕਲ ਸ਼ੋ ਵੀ
ਕਰਵਾਏ ਜਿਵੇਂ ਕਿ ” ਰਾਵੀ ਰੁੱਤ
” ।
ਅਹਦ ਦਾ ਡਿਗਰੀ ਖਤਮ ਹੋਣ ਦੇ ਬਾਅਦ ਵੀ ਇੰਨ੍ਹਾਂ ਸਰਗਰਮੀਆਂ ਨਾਲ ਨਾਤਾ ਨਹੀਂ ਟੁੱਟਿਆ ਤੇ ਉਹ ਅੱਜ ਵੀ 22 ਵਰ੍ਹਿਆਂ ਬਾਅਦ ਇਨ੍ਹਾਂ ਸਾਰੀਆਂ ਸਰਗਰਮੀਆਂ ਨਾਲ ਜੁੜਿਆ ਹੋਇਆ ਹੈ । ਉਹ ਆਖਦਾ ਹੈ ਕਿ ਉਸ ਦਾ ਇਹ ਘੇਰਾ ਦਿਨ – ਬ – ਦਿਨ ਵੱਡਾ ਹੋ ਰਿਹਾ ਹੈ । ਉਹ ਦਸਦਾ ਹੈ ਕਿ ਜੋ ਲੋਕ ਪੰਜਾਬੀ ਪੜ੍ਹਦੇ ਹਨ , ਉਨ੍ਹਾਂ ਦੀ ਤਾਲੀਮ ਪੂਰੀ ਹੋਣ ਮਗਰੋਂ ਉਨ੍ਹਾਂ ਦਾ ਗਰੁਪ ਉਨ੍ਹਾਂ ਨੂੰ ਨੌਕਰੀ ਵੀ ਲੱਭ ਕੇ ਦਿੰਦਾ ਹੈ । ਅਹਦ ਨੂੰ ਇਸ ਗੱਲ ਦਾ ਵੀ ਬੜਾ ਮਾਨ ਹੈ , ਫ਼ਖ਼ਰ ਹੈ ਕਿ ਸਾਡੇ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਹਨ । ਕੋਈ ਵੀ ਕਿਸੇ ਸੂਬੇ ਤੋਂ ਜਦ ਪੰਜਾਬ ਆ ਕੇ ਵੱਸਦਾ ਹੈ ਤਾਂ ਪੰਜਾਬੀ ਉਸ ਨੂੰ ਗਲ ਨਾਲ ਲਾਉਂਦੇ ਹਨ । ਉਨ੍ਹਾਂ ਨੂੰ ਕਦੀ ਵੀ ਉਪਰਾਪਣ ਮਹਿਸੂਸ ਹੋਣ ਨਹੀਂ ਦਿੰਦੇ , ਪਰ ਇਸ ਦੇ ਉਲਟ ਇਕ ਪੰਜਾਬੀ ਜਦ ਹੋਰ ਸੂਬੇ’ ਚ ਜਾਂਦਾ ਹੈ ਤਾਂ ਉਸ ਨੂੰ ਡਰ ਡਰ ਕੇ ਰਹਿਣਾ ਪੈਂਦਾ ਹੈ । ਸਭ ਤੋਂ ਹੈਰਾਨੀ ਮੇਨੂੰ ਇਸ ਗੱਲ ਦੀ ਹੋਈ ਜਦ ਅਹਦ ਨੇ ਦੱਸਿਆ ਕਿ ਪਾਕਿਸਤਾਨ ਵਿਚ ਕੁਝ ਇਲਾਕੇ ਇਹੋ ਜਿਹੇ ਵੀ ਹਨ ਜਿੱਥੇ ਕਿਸੇ ਪੰਜਾਬੀ ਨੇ ਪੰਜਾਬੀ ਤਾਂ ਕੀ ਬੋਲਣੀ ਹੈ , ਬਲਕਿ ਉਸ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਕਿ ਸ਼ਕਲ ਵਿੱਚ ਵੀ ਉਹ ਪੰਜਾਬੀ ਨਜ਼ਰ ਨਹੀਂ ਆਉਣਾ ਚਾਹੀਦਾ । ਬਲੋਚਿਸਤਾਨ ਵਿੱਚ ਤਾਂ ਜਿਵੇਂ ਪੰਜਾਬੀ ਹੋਣਾ ਇਕ ਜ਼ੁਰਮ ਹੈ । ਕਈ ਪੰਜਾਬੀ ਮਜ਼ਦੂਰਾਂ ਤੇ ਹੋਰ ਸਕਿਲਡ ਕੰਮ ਕਰਨ ਵਾਲੇ ਸਿਰਫ ਇਸ ਕਰ ਕੇ ਗੋਲੀ ਦਾ ਨਿਸ਼ਾਨਾ ਬਣ ਜਾਂਦੇ ਨੇ ਕਿਓਂ ਕੀ ਉਹ ਪੰਜਾਬੀ ਨੇ । ਉਹ ਦਸਦਾ ਹੈ ਕਿ ਇਸ ਤਰ੍ਹਾਂ ਦੇ ਇਲਾਕਿਆਂ ਵਿੱਚ ਪੰਜਾਬੀ ਫ਼ੇਕ ਆਈ. ਡੀ. ਬਣਾ ਕੇ ਰਹਿ ਰਹੇ ਨੇ , ਪਰ ਉਨ੍ਹਾਂ ਦੇ ਦਿਲਾਂ ਵਿਚ ਪੰਜਾਬੀ ਬੋਲੀ ਲਈ ਅੰਤਾਂ ਦੀ ਤੜਪ ਹੈ । ਉਸ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਜਾਂਦੀ ਹਾਂ ਕਿ ਤੁਸੀਂ ਆਪਣੇ ਆਜ਼ਾਦ ਮੁਲਕ ਵਿਚ ਵੀ ਇਸ ਤਰ੍ਹਾਂ ਡਰ ਡਰ ਰਹਿੰਦੇ ਹੋ । ਫਿਰ ਇਹ ਕਿਸ ਕਿਸਮ ਦੀ ਆਜ਼ਾਦੀ ਹੈ ਦੋਸਤ ? ਅਹਦ ਨਾਲ ਕੋਈ ਵੀ ਗੱਲ ਕਰੋ , ਕਿਤੋਂ ਵੀ ਕਰੋਂ ਉਸ ਦੀ ਗੱਲ ਮੁੜ ਕੇ ਉਥੇ ਹੀ ਆ ਜਾਵੇਗੀ ਕਿ ਪੰਜਾਬੀਆਂ ਨਾਲ ਹੋ ਰਹੇ ਇਸ ਜ਼ੁਲਮ ਨੂੰ ਵੇਖ ਕੇ ਉਸ ਦਾ ਦਿਲ ਬਹੁਤ ਦੁੱਖਦਾ ਹੈ । ਜਦ ਉਹ ਦੁਨੀਆ ਵਿੱਚ ਬਾਕੀ ਦੇ ਲੋਕਾਂ ਨੂੰ ਵੇਖਦਾ ਹੈ ਕਿ ਬਾਕੀ ਦੇ ਲੋਕ ਕਿਵੇਂ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਹਨ ਤਾਂ ਉਸ ਦਾ ਦਿਲ ਬੜਾ ਸੜਦਾ ਹੈ ਤੇ ਉਹ ਸੋਚਦਾ ਹੈ ਸਾਡੇ ਪੰਜਾਬੀਆਂ ਲਈ ਉਹ ਦਿਨ ਕਦ ਆਵੇਗਾ ਜਦ ਪੰਜਾਬੀ ਲੁਕਾਈ ਤੇ ਪੰਜਾਬੀ ਜ਼ੁਬਾਨ ਨੂੰ ਉਸ ਦਾ ਵਾਜਿਬ ਹੱਕ ਮਿਲੇਗਾ । ਮੈਂ ਪੁੱਛਦੀ ਹਾਂ ਕਿ ਪੰਜਾਬ ‘ਚ ਬੈਠੇ ਸਾਰੇ ਪੰਜਾਬੀ ਕਿਓਂ ਨਹੀਂ ਪੰਜਾਬੀ ਦਾ ਸਾਥ ਦਿੰਦੇ ਤਾਂ ਉਹ ਦਸਦਾ ਹੈ ਕਿ ਲਾਹੋਰ ਵਿਚ ਵਸਦੇ ਹੋਏ ਪੰਜਾਬੀ ਨੇ ਆਪਣੇ ਆਪ ਤੇ ਇਹ ਠੱਪਾ ਲਗਾ ਲਿਆ ਹੈ ਕਿ ਉਹ ਪਾਕਿਸਤਾਨੀ ਨੇ ਤੇ ਮੁਸਲਮਾਨ ਨੇ । ਹੁਣ ਉਸ ਨੂੰ ਇਸ ਠੱਪੇ ਥੱਲੇ ਆਪਣੀਆਂ ਨਾੜਾਂ ਵਿਚ ਵਗ ਰਿਹਾ ਪੰਜਾਬੀ ਖ਼ੂਨ ਨਜ਼ਰ ਨਹੀਂ ਆਉਂਦਾ । ਉਸ ਨੂੰ ਇਸ ਗੱਲ ਦੀ ਵੀ ਮਾਯੂਸੀ ਹੈ ਕਿ ਉਸ ਦਾ ਦਿਲ ਬੜਾ ਦੁਖਦਾ ਹੈ ਜਦ ਉਹ ਵੇਖਦਾ ਹੈ ਕਿ ਲਾਹੋਰ ਵਿਚ ਪੰਜਾਬੀ ਲਈ ਕੀਤੇ ਗਏ ਜਲਸੇ ਵਿਚ ਲਾਹੋਰ ਦੇ ਲੋਕਲ ਵਾਸ਼ਿੰਦੇ ਆਓਂਦੇ ਹੀ ਨਹੀਂ । ਸੋਚਦੀ ਹਾਂ ਕਿ ਪਾਕਿਸਤਾਨ ਦੇ ਕਈ ਲੋਕਾਂ ਨਾਲ ਧੋਖਾ ਹੀ ਹੋਇਆ ਹੈ ; ਮੁਹੰਮਦ ਅਲੀ ਜਿਨਾਹ ਨੇ ਤਾਂ ਇਕ ਸੈਕੁਲਰ ਦੇਸ਼ ਦਾ ਵਾਦਾ ਕੀਤਾ ਸੀ ਆਪਣੇ ਦੇਸ਼ ਵਾਸੀਆਂ ਨਾਲ , ਪਰ ਉਜਾੜੇ ਤਾਂ ਧਰਮ ਦੇ ਨਾਂ ਤੇ ਹੋ ਗਏ ਤੇ ਹੁਣ ਜਦ ਬਲੋਚਿਸਤਾਨ ਵਿਚ ਇਕ ਪੰਜਾਬੀ ਨੂੰ ਮਾਰ ਦਿੱਤਾ ਜਾਂਦਾ ਹੈ ਉਸ ਨੂੰ ਉਸ ਦਾ ਇਸਲਾਮ ਖ਼ੂਨ ਕਿਓਂ ਨਹੀਂ ਨਜ਼ਰ ਆਓਂਦਾ ? ਅਹਦ ਤੇ ਆਸਿਫ਼ ਜੀ ਦੇ ਦੱਸਣ ਅਨੁਸਾਰ ਵੰਡ ਰਾਹੀਂ ਮੁਸਲਮਾਨ ਪੰਜਾਬੀ ਨਾਲ਼ ਧੋਖਾ ਹੋਇਆ ਏ । ਉਹ ਜਿਹੜੇ ਮੁਸਲਮਾਨ ਭਰਾ ਕੋਲ਼ ਰਲ਼ ਕੇ ਬਹਿਣ ਲਈ ਆਇਆ ਉਹ ਤੇ ਮੁਸਲਮਾਨ ਬਣਿਆ ਈ ਨਹੀਂ ਸਗੋਂ ਉਹ ਸਿੰਧੀ ਬਲੋਚ ਪਠਾਣ ਤੇ ਮਹਾਜਰ ਏ। ਪੰਜਾਬੀ ਆਪਣੇ ਪੰਜਾਬੀ ਹੋਣ ਦੇ ਨਾਤੇ ਨਫ਼ਰਤ ਦਾ ਸ਼ਿਕਾਰ ਏ । ਪੰਜਾਬੀ ਨਾਲ਼ ਪੰਜਾਬ ਅੰਦਰ ਵੀ ਨਫ਼ਰਤ ਕੀਤੀ ਜਾਂਦੀ ਏ ਤੇ ਪੰਜਾਬ ਤੋਂ ਬਾਹਰ ਰਹਿਣ ਵਾਲਾ ਪੰਜਾਬੀ ਤੇ ਦੁਹਰੀ ਨਫ਼ਰਤ ਦਾ ਨਿਸ਼ਾਨਾ ਏ । ਜਦ ਉਹ ਪੰਜਾਬ ਵਿਚ ਪੰਜਾਬੀ ਬੋਲਦਾ ਏ ਤੇ ਉਹਨੂੰ ਅਨਪੜ੍ਹ ਜਾਹਲ ਤੇ ਗੰਵਾਰ ਹੋਣ ਦਾ ਮਿਹਣਾ ਮਿਲਦਾ ਏ ਇਹ ਮਿਹਣਾ ਮਾਰਨ ਵਾਲੇ ਪਹਿਲੇ ਨੰਬਰ ਤੇ ਯੂ.ਪੀ. ਤੇ ਬਿਹਾਰ ਦੇ ਮਹਾਜਰ ਹਨ ਦੂਜੇ ਨੰਬਰ ਤੇ ਉਹ ਦਿਮਾਗ਼ ਧੋਤੇ ਪੰਜਾਬੀ ਨੇਂ ਜੋ ਆਪਣੀ ਮਾਂ ਬੋਲੀ ਛੱਡ ਕੇ ਉਰਦੂ ਬੋਲਦੇ ਨੇਂ । ਇਹ ਪੰਜਾਬ ਵਿਚ ਆਪਣੀ ਮਾਂ ਬੋਲੀ ਇੰਝ ਬੋਲਦਾ ਏ ਜਿਵੇਂ ਕੋਈ ਜੁਰਮ ਜਾਂ ਗੁਨਾਹ ਕਰ ਰਿਹਾ ਹੋਵੇ , ਪੰਜਾਬ ਤੋਂ ਬਾਹਰ ਰਹਿੰਦਾ ਪੰਜਾਬੀ ਦੂਹਰੀ ਨਫ਼ਰਤ ਦਾ ਸ਼ਿਕਾਰ ਏ । ਸਾਰਿਆਂ ਸੂਬਿਆਂ ਵਿਚ ਉਹਨੂੰ ਪੰਜਾਬੀ ਹੋਣ ਦੇ ਨਾਤੇ ਨਫ਼ਰਤ ਕੀਤੀ ਜਾਂਦੀ ਏ ਜਦ ਉਹ ਬਲੋਚਿਸਤਾਨ ਸਿੰਧ ਜਾਂ ਸਰਹੱਦ ਚੋਂ ਮਾਰਿਆ ਕੁੱਟਿਆ ਪੰਜਾਬ ਆਉਂਦਾ ਏ ਤੇ ਪੰਜਾਬ ਦਾ ਪੰਜਾਬੀ ਉਹਨੂੰ ਗਲ ਲਾਉਣ ਤੇ ਉਹਦੇ ਫੱਟਾਂ ਤੇ ਮਲ੍ਹਮ ਲਾਉਣ ਦੀ ਥਾਂ ਉਹਦਾ ਮਜ਼ਾਕ ਉਡਾਉਂਦਾ ਏ ਤੇ ਉਹਨੂੰ ਪੱਥਰ ਦੇ ਜ਼ਮਾਨੇ ਦਾ ਬੰਦਾ ਸਮਝਦਾ ਏ, ਕਿਉਂ ਜੇ ਉਹ ਪੰਜਾਬੀ ਬੋਲਦਾ ਏ ਉਹਦੀ ਵਜ੍ਹਾ ਇਹ ਹੈ ਕਿ ਪੰਜਾਬ ਦਾ ਪੰਜਾਬੀ ਆਪਣੇ ਪੰਜਾਬੀ ਹੋਣ ਤੋਂ ਨੱਸ ਗਿਆ ਏ ਉਹ ਸਿਰਫ਼ ਨੱਸਿਆ ਈ ਨਹੀਂ ਸਗੋਂ ਪੰਜਾਬੀ ਹੋਣ ਨੂੰ ਘਟੀਆ ਸਮਝਦਾ ਏ ਉਹ ਆਪਣੇ ਆਪ ਨੂੰ ਮੁਸਲਮਾਨ ਤੇ ਪਾਕਿਸਤਾਨੀ ਸਮਝਦਾ ਏ ਤੇ ਉਹਦੀ ਜ਼ਬਾਨ ਉਰਦੂ ਏ । 1984 ਦੇ ਦਿੱਲੀ ਦੇ ਦੰਗਿਆਂ ਮਗਰੋਂ ਜਦ ਪੰਜਾਬੀ ਹਿੰਦੂ ਤੇ ਸਿੱਖ ਪਨਾਹ ਲੈਣ ਲਈ ਪੰਜਾਬ ਆਏ ਤੇ ਪੰਜਾਬੀਆਂ ਉਨ੍ਹਾਂ ਨੂੰ ਗਲ ਲਾਇਆ ਪਰ ਜਦ ਬਲੋਚਿਸਤਾਨ ਦਾ ਪੰਜਾਬੀ ਮਾਰਿਆ ਕੱਟਿਆ ਪੰਜਾਬ ਆਉਂਦਾ ਏ ਤੇ ਉਹਨੂੰ ਅਛੂਤ ਜਾਂ ਕੀੜਿਆਂ ਵਾਲਾ ਕੁੱਤਾ ਸਮਝ ਕੇ ਠੁੱਡੇ ਮਾਰੇ ਜਾਂਦੇ ਨੇਂ ਤੇ ਉਹਨੂੰ ਆਖਿਆ ਜਾਂਦਾ ਏ ਕਿ ਕਸੂਰ ਉਹਦਾ ਆਪਣਾ ਏ, ਕਿਉਂ ਜੇ ਉਹ ਪੰਜਾਬੀ ਬਣਿਆ ਬੈਠਾ ਏ । ਉਹ ਮੁਸਲਮਾਨ ਤੇ ਪਾਕਿਸਤਾਨੀ ਕਿਉਂ ਨਹੀਂ ਬਣਿਆ ਤੇ ਪੰਜਾਬੀ ਛੱਡ ਕੇ ਉਰਦੂ ਕਿਉਂ ਨਹੀਂ ਬੋਲਦਾ । ਇਥੇ ਇਹ ਵੀ ਇਹ ਸੋਚਣ ਵਾਲੀ ਗੱਲ ਹੈ ਤੇ ਇਸੇ ਤਰ੍ਹਾਂ ਹੀ ਜਦ ਗੁਜਰਾਤ ਵਿਚ ਮੁਸਲਮਾਨ ਮਾਰ ਦਿੱਤਾ ਜਾਂਦਾ ਹੈ ਜਾਂ ਦਿਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਮਾਰ ਦਿੱਤੇ ਗਏ, ਤਾਂ ਸਾਡਾ ਸੈਕੁਲਰ ਡੈਮੋਕਰੈਟਿਕ ਸੰਵਿਧਾਨ ਵੀ ਲੀਰੋ ਲੀਰ ਹੋ ਜਾਂਦਾ ਹੈ । ਅਹਦ ਨੂੰ ਪੁੱਛਦੀ ਹਾਂ , ” ਅਹਦ 47 ਦੀ ਵੰਡ ਬਾਰੇ ਤੂੰ ਕੀ ਸੋਚਦਾ ਹੈ ? ” ਉਸ ਦੇ ਖਿਆਲ ਵਿੱਚ 47 ਦੀ ਵੰਡ ਦਾ ਸਭ ਤੋਂ ਵੱਡਾ ਨੁਕਸਾਨ ਪੰਜਾਬੀਆਂ ਨਾਲ ਹੋਇਆ ਹੈ । ਬਾਕੀ ਕੌਮਾਂ ਨੇ ਤਾਂ ਦੋਹੇਂ ਪਾਸੀਂ ਵੰਡ ਦੇ ਫਾਇਦੇ ਹੀ ਚੁੱਕੇ ਹਨ ਪਰ ਪੰਜਾਬੀ ਨੇ ਗੁਆਇਆ ਹੀ ਗੁਆਇਆ ਹੈ ਤੇ ਉਹ ਸ਼ਿਕਵੇ ਨਾਲ ਆਖਦਾ ਹੈ ਕਿ ਇਹ ਧ੍ਰੋਹ ਦੋਹੇਂ ਪਾਸੀਂ ਪੰਜਾਬੀਆਂ ਨਾਲ ਅਜੇ ਵੀ ਚੱਲ ਰਿਹਾ ਹੈ । ਹੁਣ ਵਕਤ ਆ ਗਿਆ ਹੈ ਕਿ ਇਹ ਧ੍ਰੋਹ ਬੰਦ ਹੋਣਾ ਚਾਹੀਦਾ ਹੈ , ਤੇ ਇਹ ਕੰਮ ਅਸੀਂ ਖੁਦ ਹੀ ਆਪਣੇ ਲਈ ਕਰਨਾ ਹੈ , ਕਿਸੇ ਦੂਸਰੇ ਨੇ ਸਾਡੇ ਲਈ ਇਹ ਕੰਮ ਕਰਨ ਨਹੀਂ ਆਉਣਾ । ਇਕ ਦਿਨ ਮੈਂ ਅਹਦ ਨਾਲ ਫਿਰ ਗੱਲ ਕਰਦੀ ਹਾਂ । ਉਹ ਲੰਮੀ ਡਰਾਈਵ ਤੋਂ ਬਾਅਦ ਰਾਤ ਦੇ 12 – 1 ਵਜੇ ਘਰ ਪੁੱਜਦਾ ਹੈ – ਮੇਰਾ ਸੁਨੇਹਾ ਪੜ੍ਹਦਾ ਹੈ ਤੇ ਇਕ ਦੰਮ ਮੇਨੂੰ ਸਕਾਇਪੀ ਤੇ ਮਿਲਦਾ ਹੈ – ਥਕਾਵਟ ਨਾਂ ਦੀ ਕੋਈ ਚੀਜ਼ ਉਸ ਦੇ ਚਿਹਰੇ ਤੋਂ ਨਜ਼ਰ ਨਹੀਂ ਆਓਂਦੀ ਤੇ ਬੜੇ ਆਰਾਮ ਨਾਲ ਉਹ ਮੇਨੂੰ ਹਰ ਗੱਲ ਦਾ ਜੁਆਬ ਦਿੰਦਾ ਹੈ । ਪੰਜਾਬੀਅਤ , ਪੰਜਾਬੀ ਕਲਚਰ , ਤੇ ਪੰਜਾਬੀ ਬੋਲੀ ਉਸ ਦੀ ਸੋਚ ਦਾ ਇਕ ਡੂੰਘਾ ਹਿੱਸਾ ਬਣ ਗਿਆ ਹੈ ਕਿ ਉਹ ਹਰ ਗੱਲ ਦਾ ਜੁਆਬ ਬੜੇ ਤਪਾਕ ਨਾਲ ਦਿੰਦਾ ਹੈ । ਇਕ ਪਲ ਵੀ ਉਸ ਨੂੰ ਸੋਚਣ ਦੀ ਲੋੜ ਨਹੀਂ ਪੈਂਦੀ । ਚਿਹਰੇ ਤੇ ਇਕ ਚਾਅ ਤੇ ਮੁਸਕਾਨ ਹੈ ਤੇ ਸਾਰੇ ਦਿਨ ਦੀ ਥਕਾਨ ਤਾਂ ਜਿਵੇਂ ਖੰਬ ਲਾ ਉੱਡ ਗਈ ਹੋਵੇ । ਲੱਗਦਾ ਹੈ ਉਹ ਕਿੰਨਾ ਆਪਣਾ ਲੱਗਦਾ ਹੈ ਜਿਵੇਂ ਉਸ ਨੂੰ ਵਰ੍ਹਿਆਂ ਤੋਂ ਜਾਣਦੀ ਹੋਵਾਂ ਤੇ ਮੇਨੂੰ ਵੀ ਯਕੀਨ ਹੈ ਕਿ ਮੈਂ ਉਸ ਨੂੰ ਬਿਲਕੁਲ ਉਪਰੀ ਨਹੀਂ ਲੱਗੀ ਹੋਵਾਂਗੀ । ਆਪਣੇ ਬਾਰੇ ਹੋਰ ਨਵੀਂ ਜਾਣਕਾਰੀ ਦਿੰਦੇ ਹੋਇਆ ਉਹ ਆਪਣੇ ਚਾਚਾ ਮੁਹੰਮਦ ਅਨਵਰ ਰੰਧਾਵਾ ਬਾਰੇ ਦਸਦਾ ਹੈ ਜੋ ਕਿ ਇਕ ਪੜ੍ਹੇ ਲਿਖੇ ਇਨਸਾਨ ਸਨ ਤੇ ਉਹ ਇਕ਼ਬਾਲ ਤੋਂ ਬਹੁਤ ਮੁਤਾਸਿਰ ਸਨ । ਇਹ ਅਹਦ ਜਿਸ ਨਾਲ ਮੈਂ ਗੱਲ ਕਰ ਰਹੀ ਹਾਂ ਇਸ ਅਹਦ ਨੂੰ ਇੰਜ ਦਾ ਬਣਾਉਣ ਵਿਚ ਉਨ੍ਹਾਂ ਦੇ ਚਾਚਾ ਜੀ ਦਾ ਬਹੁਤ ਹੱਥ ਹੈ । ਅਹਦ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਉਸ ਦੇ ਚਾਚਾ ਜੀ ਨੇ ਜਿਵੇਂ ਦਾ ਉਸ ਨੂੰ ਬਣਾਇਆ ਸੀ , ਕਾਸ਼ ਉਹ ਉਸੇ ਤਰ੍ਹਾਂ ਕੁਝ ਹੋਰ ਲੋਕਾਂ ਨੂੰ ਵੀ ਤਿਆਰ ਕਰ ਸਕਦੇ । 1973 – 75 ਵਿਚ ਮੈਂ ਪਹਿਲੀ ਬਾਰ ਘਰ ਬੈਠ ਕੇ ਇਤਿਹਾਸ ਚੰਗੀ ਤਰ੍ਹਾਂ ਪੜ੍ਹਨ ਦੀ ਕੋਸ਼ਿਸ਼ ਕੀਤੀ ਸੀ , ਦੇਸ਼ ਦੇ ਦੋ ਟੁਕੜੇ ਹੋਣ ਦੀ ਗੱਲ ਨੂੰ ਸਮਝਣ ਦੀ ਪਹਿਲੀ ਵੇਰ ਕੋਸ਼ਿਸ਼ ਕੀਤੀ , ਫੇਰ ਇਕ ਦਿਨ ਅਫ਼ਜ਼ਲ ਤੁਸੈਫ਼ ਦੀਆਂ ਕਹਾਣੀਆਂ ਵਿਚੋਂ ਉਸ ਦੇ ਚੜ੍ਹਦੇ ਪੰਜਾਬ ਦੇ ਵੈਰਾਗ ਨੂੰ ਮਹਿਸੂਸ ਕੀਤਾ ; ਆਸਿਫ਼ ਜੀ ਨਾਲ ਮੁਲਾਕਾਤ ਤੇ ਉਧਰੋਂ ਲੋਕਾਂ ਨੂੰ ਇਧਰਲੀ ਚਾਹਤ ਤੇ ਇਧਰਲੇ ਲੋਕਾਂ ਨੂੰ ਉਧਰਲੇ ਲੋਕਾਂ ਦੀ ਖਿੱਚ ਤੇ ਮੈਂ ਅਹਦ ਨੂੰ ਸੁਆਲ ਕਰਦੀ ਹਾਂ ਕਿ ਉਹ ਇਕ ਸਾਂਝੇ ਪੰਜਾਬ ਬਾਰੇ ਕੀ ਸੋਚਦਾ ਹੈ ? ਭਾਵੇਂ ਉਹ ਪੰਜਾਬ ਦੀ ਵੰਡ ਤੋਂ ਖ਼ਫ਼ਾ ਹੈ ਪਰ ਉਸ ਨੂੰ ਇਹ ਵੀ ਪਤਾ ਹੈ ਕਿ ਦੋਹਾਂ ਪੰਜਾਬਾਂ ਦਾ ਇੱਕ ਹੋ ਜਾਣਾ ਇਹ ਕੰਮ ਇੰਨਾ ਆਸਾਨ ਨਹੀਂ । ਇੰਨਜੀਨੀਅਰ ਹੈ , ਪਰੈਕਟੀਕਲ ਗੱਲ ਸੋਚਦਾ ਹੈ । ਸੋ ਉਸ ਦੇ ਬਹੁਤ ਸਾਰੇ ਸੁਫਨਿਆਂ ‘ਚੋਂ ਇੱਕ ਸੁਪਨਾ ਇਹ ਵੀ ਹੈ ਕਿ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਿਚਕਾਰ ਇਕ – ਦੋ ਮੀਲ ਦਾ ਇਹੋ ਜਿਹਾ ਟੁਕੜਾ ਹੋਣਾ ਚਾਹੀਦਾ ਹੈ ; ਜਿਸ ਨੂੰ ਨੋ ਮੈਨ ਲੈਂਡ ਟੈਰੀਟਰੀ ਕਰਾਰ ਦੇ ਦੇਣਾ ਚਾਹੀਦਾ ਹੈ । ਉਸ ਥਾਂ ਤੇ ਚੰਗੇ ਚੰਗੇ ਰੈਸਟੋਰੈਂਟ, ਹੋਟਲ , ਪਾਰਕ ਹੋਣੇ ਚਾਹੀਦੇ ਨੇ ਜਿਥੇ ਲੋਕ ਦੋਹਾਂ ਪਾਸਿਆਂ ਤੋਂ ਆਉਣ, ਇਕ ਦੂਜੇ ਨੂੰ ਮਿਲਣ , ਕੁਝ ਦਿਨ ਰਹਿ ਸਕਣ , ਲੋਕ ਆਪਸ ਵਿਚ ਮਿਲਣ, ਗੱਪਾਂ ਸ਼ੱਪਾਂ ਮਾਰਨ ਤੇ ਫਿਰ ਵਾਪਸ ਆਪਣੇ ਘਰ ਚਲੇ ਜਾਣ । ਅਹਦ ਲਹਿੰਦੇ ਪੰਜਾਬ ਆਣ ਦਾ ਵੀ ਬੇਹੱਦ ਚਾਹਵਾਨ ਹੈ । ਅਹਦ, ਰੱਬ ਕਰੇ ਤੇਰਾ ਇਹ ਸੁਪਨਾ ਜ਼ਰੂਰ ਪੂਰਾ ਹੋਵੇ । ਜਿੱਥੇ ਅਹਦ ਪੰਜਾਬੀ ਬਾਰੇ ਇੰਨਾਂ ਸ਼ੁਦਾਈ ਹੈ , ਉੱਥੇ ਉਹ ਹੋਰਨਾਂ ਜੁਬਾਨਾਂ ਨੂੰ ਵੀ ਉੰਨਾਂ ਹੀ ਪਿਆਰ ਕਰਦਾ ਹੈ । ਉਸ ਨੂੰ ਪੰਜਾਬੀ ਦੀਆਂ ਚਾਰ ਡਾਇਲੈਕਟਸ ਆਉਂਦੀਆਂ ਹਨ । ਇਸੇ ਤਰ੍ਹਾਂ ਉਹ ਸਿੰਧੀ , ਮਾਰਵਾੜੀ , ਉਰਦੂ ਤੇ ਅੰਗ੍ਰੇਜ਼ੀ ਵਿਚ ਮੁਹਾਰਤ ਰਖੱਦਾ ਹੈ । ਉਸ ਨੂੰ ਪਸ਼ਤੋ ਬੋਲੀ ਦੀ ਵੀ ਸਮਝ ਹੈ । ਆਪਣੀ ਚਿਲੇ ਦੀ ਦੋਸਤ ਮੀਰਤ ਪਤਰੀਸੀਆ ਲਈ ਉਹ ਸਪੈਨਿਸ਼ ਲਫਜ਼ ਵਰਤਦਾ ਹੈ ਤੇ ਉਸ ਔਰਤ ਦਾ ਪਿਆਰ ਦੇਖੋ – ਉਹ ਵੀ ਇਕ ਦਿਨ ਮੇਰੀ ਕੰਧ ਤੇ ਆ ਕੇ ਪੰਜਾਬੀ ਵਿਚ ਕੁਝ ਲਿਖਦੀ ਹੈ । ਪੜ੍ਹ ਕੇ ਮੈਂ ਹੈਰਾਨ ਰਹਿ ਜਾਂਦੀ ਹਾਂ ਕੀ ਅਹਦ ਕਿਵੇਂ ਕਿਵੇਂ ਲੋਕਾਂ ਦਾ ਦਿਲ ਜਿੱਤਦਾ ਹੈ । ਅਹਦ ਨੂੰ ਪੰਜਾਬੀ ਲੋਕ ਗੀਤ , ਲੋਕ ਸੰਗੀਤ ਤੇ ਲੋਕ ਕਥਾਵਾਂ ਨਾਲ ਪਿਆਰ ਹੈ । ਵਾਰਿਸ਼ ਸ਼ਾਹ , ਬੁੱਲ੍ਹੇ ਸ਼ਾਹ , ਸ਼ਾਹ ਹੁੱਸੈਨ ਨੂੰ ਪੜ੍ਹਨ ਦਾ ਸ਼ੌਕੀਨ ਹੈ । ਉਸ ਦੀ ਲਾਈਬਰੇਰੀ ਵਿਚ ਸ਼ਿਵ ਕੁਮਾਰ ਤੇ ਅਮ੍ਰਿਤਾ ਪ੍ਰੀਤਮ ਵੀ ਨੇ । ਸ਼ਾਹਬਾਜ਼ ਮਲਿਕ ਦੀ ਉਹ ਕਦਰ ਕਰਦਾ ਹੈ । ਆਸਿਫ਼ ਜੀ ਦੀ ਫਾਤਿਮਾ ਤੇ ਅਲ੍ਹਨ ਦੀ ਕਹਾਣੀ ਦੀ ਉਸ ਨੂੰ ਖਾਸ ਉਡੀਕ ਰਹਿੰਦੀ ਹੈ । ਗਾਉਣ ਵਾਲਿਆਂ ਵਿਚੋਂ ਉਸ ਨੂੰ ਆਲਮ ਲੋਹਾਰ , ਰਮਤਾ , ਸੁਰਿੰਦਰ ਕੌਰ , ਪਠਾਨੇ ਖਾਨ, ਪਰਵੇਜ਼ ਮਹਿੰਦੀ ਤੇ ਸੁਰਿੰਦਰ ਕੌਰ ਚੰਗੇ ਲੱਗਦੇ ਹਨ । ਮੈਂ ਪੁੱਛ ਬੈਠਦੀ ਹਾਂ ਕੀ ਸੁਰਿੰਦਰ ਕੌਰ ਦੇ ਉਸ ਨੂੰ ਕਿਹੜੇ ਗਾਣੇ ਪਸੰਦ ਨੇ ; ਤਾਂ ਉਹ ਦਸਦਾ ਹੈ : ਕਾਲਾ ਡੋਰੀਆ , ਇੱਕ ਮੇਰੀ ਅੱਖ ਕਾਸ਼ਨੀ , ਇੰਨਾਂ ਅੱਖੀਆਂ’ ਚ ਮੈਂ ਪਾਵਾਂ ਕਿਵੇਂ ਕਜਰਾ , ਵੇ ਅੱਖੀਆਂ ‘ਚ ਤੂੰ ਵਸਦਾ …ਤੇ ਮੇਨੂੰ ਲਗਦਾ ਹੈ ਕੀ ਅਹਦ ਵਾਘਿਓਂ ਪਾਰ ਦਾ ਕਿਵੇਂ ਹੋ ਸਕਦਾ ਹੈ , ਉਹ ਤਾਂ ਜਿਵੇਂ ਇਧਰਲੇ ਪੰਜਾਬ ਤੋਂ ਕਦੀ ਗਿਆ ਹੀ ਨਾ ਹੋਵੇ । ਤੇਜੀ ਗਿੱਲ ਨੇ ਵੀ ਉਸ ਨੂੰ ਬਹੁਤ ਚੰਗੀ ਤਰ੍ਹਾਂ ਥੋੜ੍ਹੇ ਜਿਹੇ ਲਫਜਾਂ ਵਿਚ ਦਰਸਾਇਆ ਹੈ : “ ” ਮਜ਼ਾਕੀਆ , ਟਿਚੱਰੀ, ਗੱਲ ਬਾਤ ਕਾਫੀ ਆਓਂਦੀ ਹੈ ਮਰਾਸੀਆਂ ਵਾਂਗ ….ਘੁੰਮਣ ਫਿਰਣ ਦਾ ਸ਼ੌਕੀਨ …ਡਰਾਈਵਿੰਗ ਪਸੰਦ ਹੈ …ਆਪਣੇ ਪਿਛੋਕੜ ਨੂੰ ਪਿਆਰ ਕਰਨ ਵਾਲਾ …ਫੋਟੋਗਰਾਫੀ ਦਾ ਸ਼ੌਕੀਨ …ਯਾਰਾਂ ਦਾ ਯਾਰ …ਪੰਜਾਬ , ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ …ਭਾਵੁਕ ਇਨਸਾਨ…ਚੜ੍ਹਦੇ ਪੰਜਾਬ ਆਉਣ ਦਾ ਚਾਹਵਾਨ …ਆਪਣੇ ਪਿੰਡ , ਖੇਤਾਂ , ਬੰਨਿਆਂ ਨੂੰ ਪਿਆਰ ਕਰਨ ਵਾਲਾ …ਮਿਹਨਤੀ …ਪੰਜਾਬੀ ਮੁਹਾਵਰਿਆ ਦਾ ਮਾਹਰ …ਜਦੋਂ ਮਜ਼ਾਕੀਆ ਗੱਲਾਂ ਕਰਦਾ ਹੋਵੇ ਉਸ ਵਿਚ ਵੀ ਪਰਪੱਕ ਤੇ ਜਦੋਂ ਸਿਰੀਅਸ ਗੱਲ ਕਰਦਾ ਹੋਵੇ ਉਹ ਵੀ ਠੋਸ …ਰਾਜਨੀਤੀ ਉਪਰ ਤਿਰਛੀ ਨਜ਼ਰ ਰਖੱਣ ਵਾਲਾ… ਲਹਿੰਦੇ ਪੰਜਾਬ ਦੀ ਵੰਡ ਤੇ ਨਾ- ਖੁਸ਼ …ਮਾਂ ਬੋਲੀ ਦਾ ਸ਼ੁਦਾਈ …ਰਿਸ਼ਤਿਆਂ ਦੀ ਮਰਿਆਦਾ ਨੂੰ ਸਮਝਣ ਵਿਚ ਪਰਪੱਕ ..ਹਰ ਕਿਸੇ ਦੀ ਮਦਦ ਕਰਨ ਦਾ ਚਾਹਵਾਨ ….” ਅਹਦ ਦੀਆਂ ਤਸਵੀਰਾਂ ਦੇਖਦੀ ਹਾਂ : ਰੁੱਖਾਂ ਦੇ ਉਹਲੇ , ਬਾਹਰ ਕੁਦਰਤ ਦੀ ਫਿਜ਼ਾ , ਅਮਰੂਦਾਂ ਦੇ ਦਰਖਤ , ਸਾਫ਼ ਸੁਥਰੀਆਂ ਸੜਕਾਂ , ਬਚਪਨ ਦੀਆਂ ਯਾਦਾਂ , ਛੋਟੇ ਛੋਟੇ ਹੱਥਾਂ ਨਾਲ ਬਣਾਏ ਹੋਏ ਘਰ , ਤੇ ਫੇਰ ਹਜ਼ਾਰਾਂ ਸੁਫਨੇ, ਔਜਾਰਾਂ , ਤੇ ਘੜਿਆਂ ਦੀਆਂ ਤਸਵੀਰਾਂ ਸੋਹਨੀ ਦੀ ਯਾਦ ਦਿਲਾਂਦੀਆਂ, ਪੈ ਰਹੀਆਂ ਸ਼ਾਮਾਂ ਦੀਆਂ ਤਸਵੀਰਾਂ …ਯੋਧਾ ਹੋਣ ਦੇ ਨਾਲ ਉਹ ਕਲਾਕਾਰ ਵੀ ਹੈ ਤੇ ਉਸ ਦੇ ਸੀਨੇ ਅੰਦਰ ਸੁਹਣਾ ਨਾਜ਼ੁਕ ਦਿਲ ਹੈ । ਅਹਦ, ਇਹ ਦੋ ਹਫਤੇ ਮੈਂ ਤੇਰੇ ਬਾਰੇ ਸੋਚਦੀ ਰਹੀ ਹਾਂ , ਅਸੀਂ ਇਤਿਹਾਸ ਦੇ ਕਿਸੇ ਹੀਰੋ ਬਾਰੇ ਪੜ੍ਹਦੇ ਹਾਂ ਤਾਂ ਸੋਚਦੀ ਹਾਂ , ‘ਉਹ ਸਨ’ ਤੇ ਅੱਡ ਅੱਡ ਤਰੀਕਿਆਂ ਨਾਲ ਉਨ੍ਹਾਂ ਦੀਆਂ ਦੇਣਾਂ ਹਨ , ਪਰ ਮੇਨੂੰ ਲਗਦਾ ਹੈ ਕੀ ਤੂੰ ਵੀ ਉਨ੍ਹਾਂ ਨਾਲੋਂ ਕਿਤੇ ਘੱਟ ਨਹੀਂ । ਸ਼ਾਇਦ ਇਸੇ ਤਰ੍ਹਾਂ ਹੀ ਇਤਿਹਾਸ ਬਣਦਾ ਹੈ । ਅਹਦ, ਮੈਂ 400 ਮੀਲ ਲੰਮੀ ਡਰਾਈਵ ਕਰ ਕੇ ਲਾਸ ਏਂਜਲਸ ਕੋਲ ਆਪਣੇ ਡਾਕਟਰ ਨੂੰ ਮਿਲਣ ਜਾਂਦੀ ਹਾਂ , ਰਸਤੇ ਵਿਚ ਨਾਲ ਬੈਠੀ ਨਵਨੀਤ ਨਾਲ ਗੱਲਾਂ ਕਰਦੀ ਹਾਂ , ਗਾਣੇ ਸੁਣਦੀ ਹਾਂ , ਡਾਕਟਰ ਤੋ ਕੰਮ ਕਰਵਾਂਦੀ ਹਾਂ , ਦੋ ਹੋਰ ਸਹੇਲੀਆਂ ਨਾਲ ਮੈਂ ਖਾਣਾ ਖਾਣ ਜਾਂਦੀ ਹਾਂ , ਅਸੀਂ ਗੱਲਾਂ ਕਰਦੇ ਹਾਂ ਪਰ ਆਪਣੇ ਮਨ ਵਿਚ ਮੈਂ ਤੇਰੀ ਜਿੰਦਗੀ ਨੂੰ ਬਾਰ ਬਾਰ ਫਿਲਮ ਵਾਂਗ ਘੁੰਮਾ ਫਿਰਾ ਕੇ ਵੇਖਦੀ ਹਾਂ , ਸੋਚਾਂ ਦੀ ਇਕ ਲੰਮੀ ਧਾਰ ਮੇਰੇ ਨਾਲ ਨਾਲ ਚੱਲ ਰਹੀ ਹੈ , ਤੇਰਾ ਸਾਰਾ ਜੀਵਨ , ਬਚਪਨ ਤੋਂ ਲੈ ਕੇ ਹੁਣ ਤੱਕ ਝੱਲੀ ਹੋਈ ਨਫਰਤ , ਨਫਰਤ ਜੋ ਸਿਰਫ ਇਸ ਲਈ ਹੈ ਕੀ ਤੂੰ ਪੰਜਾਬੀ ਹੈਂ । ਇਹ ਵੀ ਕੋਈ ਗੱਲ ਹੋਈ ਦੋਸਤਾ ! ਕਿ ਤੁਸੀਂ ਆਪਣੇ ਹੀ ਮੁਲਕ ਵਿਚ , ਆਜ਼ਾਦ ਮੁਲਕ ਵਿੱਚ ਪੰਜਾਬੀ ਹੋਣ ਦਾ ਸੰਤਾਪ ਹੰਢਾਵੋ । ਸੱਚ ਪੁੱਛੇ ਤਾਂ ਇਹ ਕੁਝ ਦਿਨ ਮੈਂ ਤੇਰਾ ਸੰਤਾਪ ਤੇਰੇ ਨਾਲ ਆਪਣੇ ਪਿੰਡੇ ਤੇ ਵੀ ਹੰਢਾਇਆ ਹੈ ਤੇ ਫਿਰ ਮੇਨੂੰ ਬਹੁਤ ਡਰ ਲਗਦਾ ਹੈ ਬਹੁਤ ਡਰ , ਸਾਡੇ ਦੋਹੀਂ ਪਾਸਿਓਂ ਗੰਦੀਆਂ ਚਾਲਾਂ ਚਲਣ ਵਾਲੀਆਂ ਸਰਕਾਰਾਂ ਤੋਂ ….. ਪਰ ਜਦ ਮੈਂ ਤੇਰੇ ਹਸਦੇ ਚਿਹਰੇ ਵੱਲ ਦੇਖਦੀ ਹਾਂ ਤਾਂ ਸੋਚਦੀ ਹਾਂ ਕੀ ਹੱਸਦਾ ਖੇਡਦਾ ਅਹਦ , ਯਾਰੀਆਂ ਨਾਲ ਯਾਰੀਆਂ ਪੁਗਾਉਂਦਾ ਅਹਦ , ਤਾਂ ਲੱਗਦਾ ਹੈ ਕਿ ਆਉਣ ਵਾਲੇ ਕਲ੍ਹ ਕੋਲ ਕੁਝ ਰੋਸ਼ਨੀ ਵਰਗੀ ਚੀਜ਼ ਵੀ ਹੈ । ਆਪਣੇ ਸਕੂਲ ਵਿੱਚ
ਵੀ ਮੈਂ ਕੰਮ ਕਰਦੀ ਹੋਈ ਨੇ ਤੇਰੇ
ਬਾਰੇ ਕਈ ਵਾਰੀ ਸੋਚਿਆ, ਮੇਰੇ
ਕਮਰੇ ਵਿੱਚ ਇਕ ਰਸ਼ੀਅਨ ਪਿਛੋਕੜ
ਦੀ ਟੀਚਰ ਆਓਂਦੀ ਹੈ ਆਪਣੀ ਬੇਟੀ
ਨੂੰ ਲੈ ਕੇ , ਉਹ ਮੈਕਸੀਕਨ ਨਾਲ
ਵਿਆਹੀ ਹੋਈ ਹੈ । ਉਹ 7 – 8 ਸਾਲ
ਦੀ ਆਪਣੀ ਧੀ ਨਾਲ ਮੇਰੀ
ਵਾਕਫੀਅਤ ਕਰਵਾਉਂਦੀ ਹੈ ਤੇ ਉਸ
ਨਾਲ ਉਹ ਰੂਸੀ ਜ਼ੁਬਾਨ ਵਿੱਚ ਗੱਲ
ਕਰਦੀ ਹੈ …ਉਹ ਬੱਚੀ ਕਦੀ ਰਸ਼ੀਆ
ਨਹੀਂ ਗਈ । ਮੇਰੇ ਦਿਲ ਵਿੱਚ
ਆਓਂਦਾ ਹੈ ਕਿ ਅਸੀਂ ਕਿਥੇ ਤੇ
ਕਿਓਂ ਬਦਲ ਗਏ ਹਾਂ । ਅਮ੍ਰਿਤਸਰ ਤੋਂ ਹਰਮੀਤ ਮੇਨੂੰ
ਦਸਦਾ ਹੈ ਕਿ ਅੱਜ ਸਾਡੇ
ਪੰਜਾਬ ਵਿੱਚ ਜੇ ਕੋਈ ਬੱਚਾ
ਪ੍ਰਾਈਵੇਟ ਸਕੂਲ ਵਿੱਚ ਪੰਜਾਬੀ
ਬੋਲਦਾ ਹੈ ਤਾਂ ਉਸ ਨੂੰ ਪੰਜਾਬੀ
ਬੋਲਣ ਦੀ ਸਜ਼ਾ ਮਿਲਦੀ ਹੈ – ਉਹ
ਸਿਰਫ ਹਿੰਦੀ ਤੇ ਅੰਗ੍ਰੇਜ਼ੀ ਹੀ
ਬੋਲ ਸਕਦੇ ਹਨ । ਇਹ ਸਾਨੂੰ ਕੀ ਹੋ
ਰਿਹਾ ਹੈ ? ਇਹ ਸਾਥੋਂ
ਆਪਣਾ ਆਪ ਕਿਓਂ ਛੁੱਟਦਾ ਜਾ ਰਿਹਾ
ਹੈ ? ” ਅਹਿਦ ਅਹਿਮਦ
ਵਿਚ ਫਰਕ ਨਾ ਕੋਈ, ਰੱਤੀ ਕੁ ਭੇਦ (
ਮੀਮ ) ਮਰੋੜੀ ਦਾ , ਦੋਹਾਂ ਪੰਜਾਬਾਂ ਨੂੰ ਅੱਜ ਇਸ ਰਾਂਝਣ ਦੀ ਲੋੜ ਹੈ ! ਆਮੀਨ !!!
From:
sanjhapunjab.net
|