ਛਣਕਾਟਾ 2007 ਵਿਚ ਅਸ਼ਲੀਲਤਾ ਦੇ ਅੰਸ਼.....

ਗੱਬੀ




ਪਿਛਲੇ ਛੱਬੀਆਂ ਛਣਕਾਟਿਆਂ ਰਾਹੀਂ ਹਾਸਰਸ ਕਲਾਕਾਰ ਜਸਵਿੰਦਰ ਭੱਲਾ(ਚਾਚਾ ਚਤੁਰ ਸਿੰਘ) ਤੇ ਬਾਲ ਮੁਕੰਦ ਸ਼ਰਮਾ(ਭਤੀਜ) ਹੁਰਾਂ ਦਾ 'ਛਣਕਾਟਾ'(ਆਡਿਓ ਤੇ ਵਿਡਿਓ ਕੈਸਟ) ਸੁਣਨ ਤੇ ਵੇਖਣ ਨੂੰ ਮਿਲਦਾ ਆ ਰਿਹਾ ਹੈ।ਇਸ ਜੋੜੀ ਨਾਲ ਨੀਲੂ ਸ਼ਰਮਾ,ਡੋਲੀ ਮਲਕੀਤ, ਸੁੱਖੀ ਪਵਾਰ ਤੇ ਕਈ ਹੋਰ ਸਹਿ-ਕਲਾਕਾਰ ਵੀ ਸਾਥ ਦਿੰਦੇ ਹਨ।ਇਹ ਛਣਕਾਟੇ ਆਪਣਾ ਕਿਰਦਾਰ ਬਖੂਬੀ ਨਿਭਾਉਂਦੇ ਆ ਰਹੇ ਹਨ।ਭਾਵੇਂ ਅੱਜ ਕੱਲ ਕਈ ਨੀਜੀ ਚੈਨਲਾਂ 'ਤੇ ਫੂਹੜ ਕਿਸਮ ਦੀ ਕਮੇਡੀ ਦਰਸ਼ਕਾਂ ਨੂੰ ਜ਼ਬਰਦਸਤੀ ਪਰੋਸੀ ਜਾ ਰਹੀ ਹੈ ਪਰ ਕੁਲ ਮਿਲਾ ਕੇ ਛਣਕਾਟਿਆਂ ਆਪਣਾ ਮਿਆਰ ਬਣਾਈ ਰੱਖਣ ਵਿਚ ਕਾਫੀ ਹੱਦ ਤਕ ਸਫਲਤਾ ਹਾਸਲ ਕੀਤੀ ਹੈ ਪਰ ਫੇਰ ਵੀ ਇਹਨਾਂ ਛਣਕਾਟਿਆਂ ਵਿਚ ਵੀ ਬਹੂਅਰਥੀ ਸ਼ਬਦਾਂ ਦਾ ਇਸਤੇਮਾਲ ਬੜੀ ਚਤੁਰਾਈ ਨਾਲ ਕੀਤਾ ਜਾਂਦਾ ਹੈ।ਕਈ ਵਾਰੀ ਕੁਝ ਅੰਸ਼ ਪਰਿਵਾਰ ਦੇ ਸਾਰੇ ਜੀਆਂ ਨਾਲ ਸੁਣਨੇ ਤੇ ਵੇਖਣੇ ਮੁਸ਼ਕਿਲ ਹੋ ਜਾਂਦੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਛਣਕਾਟਾ ਇਕ ਜਾਗੂਰਿਕ ਮਨੁੱਖ ਵਾਂਗ ਫਰਜ਼ ਨਿਭਾ ਰਿਹਾ ਹੈ।ਸੁੱਤੇ ਸਮਾਜ ਨੂੰ ਜਗਾਉਣ ਦਾ ਹੌਕਾ ਦੇ ਰਿਹਾ ਹੈ।ਕਹਿਣੀ ਧੀ ਨੂੰ ਤੇ ਸੁਣਾਉਣੀ ਨੂਹ ਨੂੰ ਤੇ ਕਦੇ ਕਦੇ ਦਲੇਰ ਸੱਸ ਵਾਂਗ ਸਿੱਧੇ ਹੀ ਨੂਹ ਨੂੰ ਝਾੜ ਪਾ ਦੇਣੀ, ਵਰਗੀਆਂ ਵਿਧੀਆਂ ਵਰਤ ਕੇ ਇਹ ਕਲਾਕਾਰ ਸਮਾਜ ਵਿਚ ਪਨਪ ਰਹੀਆਂ ਬੁਰਾਈਆਂ ਦੇ ਪਾਜ ਉਧੇੜਦੇ ਆ ਰਹੇ ਹਨ।ਭਾਵੇਂ ਪੁਲਸ ਦਾ ਮਹਿਕਮਾ ਹੋਵੇ ਜਾਂ ਫੌਜ ਦਾ।ਬਿਜਲੀ ਬੋਰਡ ਹੋਵੇ ਜਾਂ ਸਿਖਿਆ ਬੋਰਡ।ਰਾਜਨੇਤਾ ਹੋਣ ਜਾਂ ਅਭਿਨੇਤਾ।ਪਟਵਾਰੀ ਹੋਣ ਤੇ ਭਾਵੇਂ ਮਾਸਟਰ।ਸਰਕਾਰ ਹੋਵੇ ਜਾਂ ਵਿਰੋਧੀ ਧਿਰ।ਕਿਸੇ ਦਫਤਰ ਦਾ ਕਲਰਕ ਹੋਵੇ ਜਾਂ ਬਿਜਲੀ ਬੋਰਡ ਦਾ ਲਾਇਨ ਮੈਨ।ਦੇਸੀ ਹੋਣ ਤੇ ਭਾਵੇਂ ਪਰਵਾਸੀ।ਬਰਾਤੀਏ ਹੋਣ ਜਾਂ ਘਰਾਤੀਏ।ਗਾਇਕ ਹੋਣ ਜਾਂ ਗੀਤਕਾਰ।ਲੇਖਕ ਹੋਣ ਜਾਂ ਚਿਤਰਕਾਰ।ਚਪੜਾਸੀ ਹੋਵੇ ਜਾਂ ਡੀ.ਸੀ.।ਅਖ਼ਬਾਰ ਹੋਵੇ ਜਾਂ ਟੀਵੀ।ਕਹਿਣ ਦਾ ਮਤਲਬ ਕਿ ਇਹ ਸਮਾਜ ਵਿਚ ਹਾਜਰ ਕਿਸੇ ਵੀ ਤਰਾਂ ਦੀਆਂ ਮਾੜੀਆਂ ਤੇ ਭੈੜੀਆਂ ਗੱਲਾਂ ਨੂੰ ਜਗਜਾਹਰ ਕਰਨ ਵਿਚ ਪਿੱਛੇ ਨਹੀਂ ਹਟਦੇ।ਸੱਚ ਕਹਿਣ ਦੀ ਜ਼ੂਰਅਤ ਇਹਨਾਂ ਵਿਚ ਹੈ।ਵੱਡੀ ਗੱਲ ਇਹ ਵੀ ਹੈ ਕਿ ਇਹ ਨਾ ਤਾਂ ਪੁਲਸ ਤੋਂ ਡਰਦੇ ਹਨ ਤੇ ਨਾ ਹੀ ਸਰਕਾਰ ਤੋਂ।ਇਹ ਕਿਸੇ ਇਕ ਸਿਆਸੀ ਪਾਰਟੀ ਦਾ ਤੂਤਣਾ ਵੀ ਨਹੀਂ ਬਣਦੇ ਤੇ ਕਿਸੇ ਦੇ ਪਿਛਲਗੂ ਵੀ ਨਹੀਂ ਹਨ।ਆਪਣਾ ਡੰਕਾ ਆਪਣੇ ਜੋਹਰ ਦੇ ਸਿਰ ਵਜਾਉਂਦੇ ਹਨ।ਜੋ ਨਜਾਇਜ਼ ਵਿਖਾਈ ਦਿੰਦਾ ਹੈ ਇਹ ਉਸ ਵਿਰੁਧ ਆਪਣੇ ਹਾਸਰਸ ਤਰੀਕੇ ਰਾਹੀਂ ਕਟਾਖਸ਼ ਮਾਰਨ ਤੋਂ ਪਿੱਛੇ ਨਹੀਂ ਹਟਦੇ।ਸਚ ਨੂੰ ਸਚ ਤੇ ਕੂੜ ਨੂੰ ਕੂੜ ਕਹਿਣ ਦੀ ਹਿੰਮਤ ਤੇ ਜੇਹਰਾ ਇਹਨਾਂ ਵਿਚ ਹੈ।ਜਿਸ ਲਈ ਇਹ ਦੋਨੋਂ ਕਲਾਕਾਰ ਸਲਾਮ ਦੇ ਹੱਕਦਾਰ ਹਨ।
ਪਿੱਛੇ ਜਿਹੇ ਇਹਨਾਂ ਨੂੰ ਸੱਚ ਬੋਲਣਾ ਭਾਵੇਂ ਮਹਿੰਗਾ ਪਿਆ ਸੀ ਪਰ ਇਹ ਆਪਣੇ ਧਰਮ ਤੇ ਕਰਮ ਤੋਂ ਪਿੱਛੇ ਨਹੀਂ ਹਟੇ।ਕੈਪਟਨ ਅਮਰਿੰਦਰ ਸਿੰਘ ਦੇ ਵਿਰੁਧ ਕਿਸੇ ਸਮਾਗਮ ਵਿਚ ਆਪਣੇ ਤਾਰੀਕੇ ਨਾਲ ਇਹਨਾਂ ਕੁਝ ਬੋਲ ਦਿੱਤਾ।ਰਾਜੇ ਨੂੰ ਤਾਂ ਸ਼ਾਇਦ ਚੰਗਾ ਲੱਗਾ ਵੀ ਹੋਵੇ ਪਰ ਉਸਦੇ ਸਿਪੇ ਸਲਾਰਾਂ ਨੂੰ ਰਾਜੇ ਦੀ ਸ਼ਾਨ ਦੇ ਵਿਰੁਧ ਬੋਲਿਆ ਜਾਣਾ ਪਚਿਆ ਨਹੀਂ। ਉਹਨਾਂ ਸਨਮਾਨ ਕਰਨ ਦੇ ਬਹਾਨੇ ਦੋਨਾਂ ਨੂੰ ਸ਼ਾਹੀ ਦਰਬਾਰ ਵਿਚ ਬੁਲਾ ਲਿਆ ਤੇ ਸ਼ਰਿਆਮ ਚੰਗਾ ਧੋਲ ਧੱਫਾ ਕੀਤਾ।ਕਪੜੇ ਲੀੜੇ ਪਾੜੇ।ਸਕਤਰੇਤ ਦੇ ਕੌਰੀਡੋਰ ਵਿਚ ਖੂਬ ਭਜਾਇਆ।ਉਸ ਘਟਣਾ ਤੋਂ ਬਾਅਦ ਲਗਣ ਲੱਗ ਪਿਆ ਸੀ ਕਿ ਇਹ ਜੋੜੀ ਡਰ ਜਾਏਗੀ ਪਰ ਜਦੋਂ ਅਗਲੇ ਹੀ ਛਣਕਾਟੇ ਰਾਹੀਂ ਇਹਨਾਂ ਆਪਣੀ ਹੋਈ ਬੇਇਜਤੀ ਦਾ ਬਦਲਾ ਲੈ ਲਿਆ ਤਾਂ ਲੱਗਿਆ ਕਿ ਆਪਣੇ ਸੱਚੇ ਕਲਾਕਾਰ ਹੋਣ ਦਾ ਸਬੂਤ ਇਹਨਾਂ ਦੇ ਦਿੱਤਾ ਹੈ।ਉਹਨਾਂ ਦਿਨਾਂ ਮੈਨੂੰ ਇਹਨਾਂ ਦੀ ਬਹਾਦਰੀ ਨੂੰ ਵੇਖ ਕੇ ਇਕ ਹਾਸਰਸ ਕਲਾਕਾਰ ਦੀ ਬਹਾਦਰੀ ਦੀ ਕਥਾ ਯਾਦ ਆ ਗਈ ਸੀ।ਪੁਰਾਣੇ ਸਮੇਂ ਵਿਚ ਇਕ ਰਾਜਾ ਕਾਣਾ ਸੀ।ਆਪਣੇ ਕਾਣੇ ਹੋਣ ਕਰਕੇ ਉਸਦੇ ਮੁੱਖ 'ਤੇ ਕਦੇ ਹੱਸੀ ਨਹੀਂ ਆਉਂਦੀ ਸੀ।ਇਕ ਵਾਰ ਰਾਜੇ ਨੇ ਆਪਣੇ ਰਾਜ ਵਿਚ ਢਿੰਡੋਰਾ ਪਿਟਵਾਇਆ ਕਿ ਜਿਹੜਾ ਕੋਈ ਵੀ ਉਸਨੂੰ ਹਸਾ ਦਏਗਾ ਉਸਨੂੰ ਬਹੁਤ ਸਾਰਾ ਇਨਾਮ ਦਿੱਤਾ ਜਾਵੇਗਾ ਤੇ ਜਿਹੜਾ ਅਸਫਲ ਹੋ ਜਾਵੇਗਾ ਉਸਦੀ ਗਰਦਨ ਕਲਮ ਕਰ ਦਿੱਤੀ ਜਾਵੇਗੀ।ਬਹੁਤੇ ਮਾੜੇ ਮੋਟੇ ਕਲਾਕਾਰਾਂ ਦੀ ਤਾਂ ਹਿੰਮਤ ਨਹੀਂ ਪਈ।ਆਪਣੀ ਜਾਨ ਕਿਸਨੂੰ ਪਿਆਰੀ ਨਹੀਂ ਹੁੰਦੀ।ਖ਼ੈਰ, ਉਸ ਵੇਲੇ ਦੇ ਇਕ ਜਿਗਰੇ ਵਾਲੇ ਹਾਸਰਸ ਕਲਾਕਾਰ ਨੇ ਰਾਜੇ ਨੂੰ ਹਸਾਉਣ ਦੀ ਵੰਗਾਰ ਨੂੰ ਕਬੂਲ ਲਿਆ। ਉਸਨੇ ਆਪਣੇ ਸਾਰੇ ਨੁਸ਼ਖੇ,ਨਕਲਾਂ ਤੇ ਟੋਟਕੇ ਵਰਤ ਕੇ ਵੇਖ ਲਏ ਪਰ ਰਾਜਾ ਤਾਂ ਜੰਮਾਦਰੂ ਉਦਾਸ ਸੀ। ਉਹ ਨਹੀਂ ਹੱਸਿਆ।ਆਖਰ ਰਾਜੇ ਨੇ ਸ਼ਰਿਆਮ ਉਸਦੀ ਗਰਦਨ ਕਲਮ ਕਰਨ ਦੇ ਹੁਕਮ ਦੇ ਦਿੱਤੇ।ਜਾਣ ਲੱਗਿਆਂ ਕਲਾਕਾਰ ਬੋਲਿਆ , ''ਵੱਡਾ ਰਾਜਾ ਬਣਿਆਂ ਫਿਰਦਾ...ਕਦੇ ਸ਼ਕਲ ਵੇਖੀ ਹੈ ਸ਼ੀਸ਼ੇ ਵਿਚ...ਪੂਰਾ ਚਾਮਗਿਦੜ ਲਗਦੈਂ...।'' ਰਾਜਾ ਫਿਰ ਨਾ ਹੱਸਿਆ।ਸਗੋਂ ਚਾਮਗਿਦੜ ਸੁਣ ਕੇ ਲਾਲ ਪੀਲਾ ਹੋ ਗਿਆ। ਜਦੋਂ ਸਿਪੇ ਸਲਾਰ ਉਸਨੂੰ ਫੜ ਕੇ ਗਰਦਨ ਲਾਹੁਣ ਲਈ ਲਿਜਾਉਣ ਲੱਗੇ ਤਾਂ ਉਸਨੇ ਬੋਲਾਂ ਦਾ ਆਖਰੀ ਵਾਰ ਕੀਤਾ, '' ਮੈਂ ਤਾਂ ਮਰ ਜਾਣੈ...ਹੁਣ ਤਾਂ ਹੱਸ ਪੈ ਕਾਣਿਆਂ ...?''।ਕਹਿੰਦੇ ਹਨ ਰਾਜਾ ਸੱਚਮੁਚ ਹੱਸ ਪਿਆ।ਉਸਨੂੰ ਮੂੰਹ 'ਤੇ ਕਾਣਾ ਸ਼ਾਇਦ ਕਦੇ ਕਿਸੇ ਨੇ ਨਹੀਂ ਕਿਹਾ ਸੀ।ਉਸਨੇ ਬਾਕਿਆ ਹੀ ਕਲਾਕਾਰਾਂ ਨੂੰ ਮਾਲਾਮਾਲ ਕਰ ਦਿੱਤਾ।
ਖ਼ੈਰ, ਅਸੀਂ ਗਲ ਕਰ ਰਹੇ ਸਾਂ ਛਣਕਾਟਿਆਂ ਤੇ ਇਸਦੇ ਕਲਾਕਾਰਾਂ ਦੀ।ਖਾਸ ਕਰਕੇ ਛਣਕਾਟਾ 2007-'ਕਰ'ਤਾ ਕੂੰਡਾ'।ਇਸ ਛਣਕਾਟੇ ਵਿਚ ਵੀ ਇਹਨਾਂ ਕਲਾਕਾਰਾਂ ਨੇ ਆਪਣੇ ਹੀ ਤਰੀਕੇ ਨਾਲ ਬਹੁਤ ਸਾਰੇ ਮਹਿਕਮਿਆਂ ਤੇ ਲੋਕਾਂ ਦੀ ਕਲਾਸ ਲਗਾਈ ਹੈ।ਕੈਪਟਨ ਤੇ ਉਸਦੇ ਸਿਪੇ ਸਲਾਰਾਂ ਦੀ ਹੋਈ ਦੂਰਗਤੀ ਨੂੰ ਜਾਇਜ ਠਹਿਰਾਇਆ ਹੈ।ਕੈਪਟਨ ਦਾ ਜਹਾਜ ਕਿਉਂ ਡੁਬਿਆ।ਕਿਹਨਾ ਡੁਬੋਇਆ।ਸਭ ਕਾਸੇ ਬਾਰੇ ਚਾਨਣਾ ਪਾਇਆ ਹੈ।ਸਿਰਸਾ ਵਾਲੇ ਬਾਬੇ ਦੇ ਵੋਟਾਂ ਵੇਲੇ ਖੇਲੇ ਕਿਰਦਾਰ ਨੂੰ ਵੀ ਦੱਸਿਆ ਹੈ।ਮੌਜੂਦਾ ਸਰਕਾਰ ਦੀ ਹਾਲਾਤ ਨੂੰ ਵੀ ਲੋਕਾਂ ਸਾਹਮਣੇ ਲਿਆਉਂਦਾ ਹੈ।ਛੋਟੇ ਤੇ ਵੱਡੇ ਬਾਦਲ ਨੂੰ ਸੰਭਲ ਕੇ ਰਾਜ ਕਰਨ ਲਈ ਸਿਖਮਤ ਵੀ ਦਿੱਤੀ ਹੈ।ਕੁਰਸੀ ਦੀ ਤਾਕਤ ਦਾ ਸਦਉਪਯੋਗ ਕਰਨ ਦੇ ਨੁਖਸ਼ੇ ਵੀ ਇਹਨਾਂ ਨੂੰ ਦਿੱਤੇ ਹਨ।ਪਰਵਾਸੀਆਂ ਨੂੰ ਵੀ ਆੜੇ ਹੱਥੀਂ ਲਿਆ ਹੈ।ਉਹਨਾਂ ਦੇ ਝੂਠੇ ਤੇ ਫਰਜੀ ਦੇਸ਼ ਪਿਆਰ ਦੇ ਫਲੂਸ ਨੂੰ ਆਪਣੇ ਕਟਾਖਸ਼ਾਂ ਦੀਆਂ ਸੂਈਆਂ ਨਾਲ ਫੁਟਾਇਆ ਹੈ।ਭਰਿਸ਼ਟਾਚਾਰੀ ਪੁਲਸ ਨੂੰ ਸੈਮੀਨਾਰਾਂ ਰਾਹੀਂ ਸੁਧਾਰਨ ਦੀ ਬਜਾਏ ਦਿਲੋਂ ਤੇ ਆਤਮਾ ਨੂੰ ਸਾਫ ਰੱਖਣ ਦੀ ਸਲਾਹ ਦਿੱਤੀ ਹੈ।
ਪਰ ਕਿਤੇ ਕਿਤੇ ਇਹਨਾਂ ਵੱਲੋਂ ਚਤੁਰਾਈ ਨਾਲ ਵਰਤੇ ਗਏ ਅਸ਼ਲੀਲਤਾ ਦੇ ਅੰਸ਼ ਸਰੋਤਿਆਂ ਨੂੰ ਤੰਗ ਕਰਦੇ ਹਨ।ਉਦਹਾਰਣ ਦੇ ਤੌਰ ਤੇ ਜਦੋਂ ਭਤੀਜਾ ਚਾਚੇ ਹੁਰਾਂ ਦੇ ਬਾਰ੍ਹਾਂ ਭਰਾ ਹੋਣ ਬਾਰੇ ਪੁਛਦਾ ਹੈ ਤਾਂ ਚਾਚਾ ਦਸਦਾ ਹੈ ਕਿ ਇਕ ਪਰਿਵਾਰ ਨਿਯੋਜਨ ਵਾਲੀ ਮੈਡਮ ਆਈ ਸੀ ਉਹਨਾਂ ਦੇ ਬਾਪੂ ਨੂੰ ਸਮਝਾਉਣ ਕਿ ਬੱਚਿਆਂ ਤੇ ਨਿਯੰਤ੍ਰਣ ਰੱਖਣਾ ਚਾਹੀਦਾ ਹੈ ਪਰ ਉਹਨਾਂ ਦੇ ਬਾਪੂ ਨੇ ਡੂਢ ਘੰਟਾ ਪਰਿਵਾਰ ਨਿਯੋਜਨ ਵਾਲੀ ਮੈਡਮ 'ਤੇ ਲਾਇਆ।ਭਤੀਜ ਪੁਛਦਾ ਹੈ ਕਿ ਫਿਰ ਕੀ ਹੋਇਆ।ਚਾਚਾ ਕਹਿੰਦਾ ਹੈ ਕਿ ਹੋਣਾ ਕੀ ਸੀ ਉਸਦੇ ਦੋ ਭਰਾ ਉਸ ਪਰਿਵਾਰ ਨਿਯੋਜਣ ਵਾਲੀ ਮੈਡਮ ਵਿਚੋਂ ਵੀ ਹਨ।ਇਸੇ ਤਰਾਂ ਹੀ ਸ਼ਾਹਰੁਖ ਖਾਨ ਤੇ ਚਾਚੀ ਅਤਰੋ ਦੇ ਵਾਰਤਾਲਾਪ ਵਿਚ ਅਸ਼ਲ਼ੀਲਤਾ ਝਲਕਾਰੇ ਮਾਰਦੀ ਹੈ।ਬੁਝਾਰਤਾਂ ਵਿਚ ਵੀ।ਤਿੰਨ ਚਾਰ ਹੋਰ ਥਾਵਾਂ ਉਪਰ ਚਾਚਾ ਅਸ਼ਲੀਲਤਾ ਦੇ ਅੰਸ਼ਾਂ ਨੂੰ ਸ਼ਲੀਲਤਾ ਦੀ ਚਾਸ਼ਣੀ ਵਿਚ ਲਪੇਟ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ।ਤੇ ਇਹ ਵੀ ਸੋਚਦਾ ਹੈ ਕਿ ਲੋਕਾਂ ਨੂੰ ਪਤਾ ਨਹੀਂ ਲਗਣਾ ਪਰ ਉਹ ਨਹੀਂ ਜਾਣਦਾ ਕਿ ਹੁਣ ਲੋਕ ਵੀ ਉਸੇ ਵਾਂਗ ਚਤੁਰ ਹੋ ਗਏ ਹਨ।ਉਹਨਾਂ ਵੀ ਆਪਣੀਆਂ ਅੱਖਾਂ ਖੋਲ ਲਈਆਂ ਹਨ ਤੇ ਕੰਨ ਖੜੇ ਕਰ ਲਏ ਹਨ।ਜੇਕਰ ਇਹ ਜੋੜੀ ਇਸਤਰਾਂ ਦੇ ਅਸ਼ਲੀਲਤਾ ਦੇ ਅੰਸ਼ਾਂ ਨੂੰ ਆਪਣੇ ਛਣਕਾਟਿਆਂ ਵਿਚ ਨਾ ਵੀ ਵਰਤੇ ਤਾਂ ਵੀ ਲੋਕ ਉਹਨਾਂ ਦੇ ਛਣਕਾਟਿਆਂ ਨੂੰ ਪਹਿਲਾਂ ਨਾਲੋਂ ਵੀ ਵੱਧ ਪਿਆਰ ਤੇ ਸਤਿਕਾਰ ਨਾਲ ਖਰੀਦਣਗੇ,ਸੁਣਨਗੇ ਤੇ ਵੇਖਣਗੇ।ਅਸੀਂ ਤਾਂ ਸਿਰਫ ਸਲਾਹ ਹੀ ਦੇ ਸਕਦੇ ਹਾਂ।ਬਾਕੀ ਮਰਜ਼ੀ ਛਣਕਾਟੇ ਵਾਲਿਆਂ ਦੀ ਹੈ।ਕਿਉਂ ਮੈਂਕੋਈ ਝੂਠ ਬੋਲਿਐ?


Back to Govardhan Gabbi's Page

Back to Punjabi Column's Page

BACK TO APNA WEB PAGE